ਕਾਰਗਿਲ 'ਚ ਵੱਟਸਐਪ ਗਰੁੱਪ ਐਡਮਿਨਜ਼ 'ਤੇ ਪੁਲਸ ਨੇ ਕੱਸਿਆ ਸ਼ਿੰਕਜ਼ਾ, ਦਿੱਤੇ ਇਹ ਨਿਰਦੇਸ਼

01/09/2020 3:52:28 PM

ਕਾਰਗਿਲ—ਕੇਂਦਰ ਸ਼ਾਸਿਤ ਪ੍ਰਦੇਸ਼ ਲੱਦਾਖ ਦੇ ਕਾਰਗਿਲ 'ਚ ਇੰਟਰਨੈੱਟ ਸੇਵਾ ਬਹਾਲ ਹੋਣ ਤੋਂ ਬਾਅਦ ਹੁਣ ਪੁਲਸ ਪ੍ਰਸ਼ਾਸਨ ਨੇ ਨਵਾਂ ਨਿਰਦੇਸ਼ ਜਾਰੀ ਕੀਤਾ ਹੈ। ਮਿਲੀ ਜਾਣਕਾਰੀ ਅਨੁਸਾਰ ਪੁਲਸ ਪ੍ਰਸ਼ਾਸਨ ਨੇ ਵੱਟਸਐਪ ਗਰੁੱਪ ਐਡਮਿਨਜ਼ ਨੂੰ ਨੇੜੇ ਦੇ ਪੁਲਸ ਸਟੇਸ਼ਨਾਂ 'ਚ ਜਾਣਕਾਰੀ ਦੇਣ ਲਈ ਨਿਰਦੇਸ਼ ਜਾਰੀ ਕੀਤਾ ਹੈ। ਇਸ ਆਦੇਸ਼ ਮੁਤਾਬਕ ਵੱਟਸਐਪ ਗਰੁੱਪ ਐਡਮਿਨਜ਼ ਨੂੰ ਆਪਣੇ ਨੇੜੇ ਦੇ ਪੁਲਸ ਸਟੇਸ਼ਨ 'ਤੇ ਜਾ ਕੇ ਇੱਕ ਫਾਰਮ ਭਰਨਾ ਹੋਵੇਗਾ, ਉਹ ਵੀ ਦੋ ਦਿਨਾਂ ਦੇ ਅੰਦਰ। ਇਸ ਫਾਰਮ 'ਚ ਉਹ ਆਪਣੀ ਜਾਣਕਾਰੀ ਪੁਲਸ ਨੂੰ ਦੱਸੇਗਾ ਅਤੇ ਇਸ ਦੇ ਨਾਲ ਹੀ ਇਹ ਵੀ ਦੱਸੇਗਾ ਕਿ ਉਹ ਕਿਸ ਵੱਟਸਐਪ ਗਰੁੱਪ ਦਾ ਐਡਮਿਨ ਹੈ।

ਦੱਸ ਦੇਈਏ ਕਿ 5 ਅਗਸਤ 2019 ਨੂੰ ਜੰਮੂ-ਕਸ਼ਮੀਰ ਤੋਂ ਧਾਰਾ 370 ਦੇ ਕੁਝ ਪ੍ਰਾਵਧਾਨਾਂ ਨੂੰ ਸਮਾਪਤ ਕੀਤੇ ਜਾਣ ਦੇ ਨਾਲ ਹੀ ਇੰਟਰਨੈੱਟ ਸੇਵਾਵਾਂ ਰੋਕ ਦਿੱਤੀਆਂ ਗਈਆਂ ਸਨ, ਜਿਸ ਤੋਂ ਬਾਅਦ 27 ਦਸੰਬਰ ਨੂੰ ਲੱਦਾਖ ਦੇ ਕਾਰਗਿਲ 'ਚ 145 ਦਿਨਾਂ ਤੋਂ ਬਾਅਦ ਇੰਟਰਨੈੱਟ ਸੇਵਾਵਾਂ ਬਹਾਲ ਕੀਤੀਆਂ ਗਈਆਂ।

ਹਾਲਾਂਕਿ ਇਹ ਕੋਈ ਪਹਿਲੀ ਵਾਰ ਨਹੀਂ ਹੋਇਆ ਹੈ। ਸਾਲ 2018 ਤੋਂ ਬਾਅਦ ਕਸ਼ਮੀਰ ਘਾਟੀ 'ਚ ਪੁਲਸ ਪ੍ਰਸ਼ਾਸਨ ਵੱਲੋਂ ਅਜਿਹੇ ਨਿਰਦੇਸ਼ ਜਾਰੀ ਕੀਤੇ ਜਾਂਦੇ ਸਨ। ਜਦਕਿ ਸੂਚਨਾ ਤਕਨਾਲੋਜੀ ਮਾਹਰ ਵੱਖ-ਵੱਖ ਆਧਾਰਾਂ 'ਤੇ ਪ੍ਰਸ਼ਾਸਨ ਦੇ ਇਨ੍ਹਾਂ ਕਦਮਾਂ 'ਤੇ ਸਵਾਲ ਚੁੱਕਦੇ ਰਹੇ ਹਨ। ਜੁਲਾਈ 2018 'ਚ ਕਿਸ਼ਤਵਾੜ ਜ਼ਿਲੇ 'ਚ ਪੁਲਸ ਨੇ 21 ਵੱਟਸਐਪ ਗਰੁੱਪ ਐਡਮਿਨਾਂ ਨੂੰ ਰਜਿਸਟਰਡ ਹੋਣ ਲਈ ਨੋਟਿਸ ਭੇਜਿਆ। ਇਸ ਮਾਮਲੇ ਨੂੰ ਲੈ ਕੇ ਜ਼ਿਲਾ ਐੱਸ.ਐੱਸ.ਪੀ ਅਬਰਾਰ ਅਹਿਮਦ ਚੌਧਰੀ ਨੇ ਕਿਹਾ ਸੀ ਕਿ ਪਿਛਲੇ ਕੁਝ ਸਾਲਾਂ ਤੋਂ ਮਸ਼ਰੂਮ ਵਾਂਗ ਵੱਟਸਐਪ ਗਰੁੱਪ ਬਣੇ ਹਨ, ਜਿਨ੍ਹਾਂ ਦੀ ਦੁਰਵਰਤੋਂ ਕੀਤੇ ਜਾਣ ਦੀਆਂ ਲਗਾਤਾਰ ਰਿਪੋਰਟਾਂ ਮਿਲ ਰਹੀਆਂ ਹਨ। ਉਸ ਸਮੇਂ ਅਧਿਕਾਰੀਆਂ ਵੱਲੋਂ ਕਿਹਾ ਗਿਆ ਸੀ ਕਿ ਇਨ੍ਹਾਂ ਗਰੁੱਪਾਂ ਦੀ ਦੁਰਵਰਤੋਂ ਕਰ ਘਾਟੀ 'ਚ ਹਿੰਸਾ ਅਤੇ ਅੱਤਵਾਦ ਫੈਲਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਆਡੀਓ, ਵੀਡੀਓ ਜਾਂ ਫਿਰ ਮੈਸੇਜਾਂ ਰਾਹੀਂ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ।

ਜ਼ਿਕਰਯੋਗ ਹੈ ਕਿ ਜੰਮੂ-ਕਸ਼ਮੀਰ 'ਤੋਂ ਧਾਰਾ 370 ਦੇ ਕੁਝ ਪ੍ਰਾਵਧਾਨ ਸਮਾਪਤ ਹੋਣ ਤੋਂ ਬਾਅਦ ਕ੍ਰਮਵਾਰ:ਦੋ ਜੰਮੂ-ਕਸ਼ਮੀਰ ਅਤੇ ਲੱਦਾਖ ਕੇਂਦਰ ਸ਼ਾਸਿਤ ਪ੍ਰਦੇਸ਼ ਬਣ ਗਏ ਅਤੇ ਕਾਰਗਿਲ ਨੂੰ ਲੱਦਾਖ ਕੇਂਦਰ ਸ਼ਾਸਿਤ ਪ੍ਰਦੇਸ਼ 'ਚ ਸ਼ਾਮਲ ਕੀਤਾ ਗਿਆ।

Iqbalkaur

This news is Content Editor Iqbalkaur