ਬੰਗਾਲ ਚੋਣਾਂ : ਚੌਥੇ ਗੇੜ ''ਚ 44 ਸੀਟਾਂ ਲਈ ਵੋਟਿੰਗ ਜਾਰੀ

04/10/2021 10:10:27 AM

ਕੋਲਕਾਤਾ- ਪੱਛਮੀ ਬੰਗਾਲ 'ਚ ਸ਼ਨੀਵਾਰ ਨੂੰ ਚੌਥੇ ਗੇੜ ਦੀਆਂ ਚੋਣਾਂ 'ਚ ਸੂਬਾ ਵਿਧਾਨ ਸਭਾ ਦੀਆਂ 44 ਸੀਟਾਂ 'ਤੇ ਸਖ਼ਤ ਸੁਰੱਖਿਆ ਦਰਮਿਆਨ ਸਵੇਰੇ 7 ਵਜੇ ਤੋਂ ਵੋਟਿੰਗ ਜਾਰੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਹਾਵੜਾ ਜ਼ਿਲ੍ਹੇ 'ਚ 9 ਸੀਟਾਂ, ਦੱਖਣੀ 24 ਪਰਗਨਾ 'ਚ 11, ਅਲੀਪੁਰਦਵਾਰ 'ਚ 5, ਕੂਚਬਿਹਾਰ 'ਚ 9 ਅਤੇ ਹੁਗਲੀ 'ਚ 10 ਸੀਟਾਂ 'ਤੇ ਕੋਵਿਡ-19 ਸੰਬੰਧੀ ਨਿਯਮਾਂ ਦਾ ਸਖ਼ਤੀ ਨਾਲ ਪਾਲਣ ਕਰਦੇ ਹੋਏ ਵੋਟਿੰਗ ਹੋ ਰਹੀ ਹੈ। ਵੋਟਿੰਗ ਕੇਂਦਰਾਂ ਦੇ ਬਾਹਰ ਵੋਟਰਾਂ ਦੀਆਂ ਲੰਬੀਆਂ ਲਾਈਨਾਂ ਦੇਖੀਆਂ ਗਈਆਂ। ਵੋਟਿੰਗ ਸ਼ਾਮ 6.30 ਵਜੇ ਤੱਕ ਚੱਲੇਗੀ।

ਇਸ ਗੇੜ 'ਚ ਕੇਂਦਰੀ ਮੰਤਰੀ ਬਾਬੁਲ ਸੁਪ੍ਰਿਓ ਅਤੇ ਸੂਬੇ ਦੇ ਮੰਤਰੀ ਪਾਰਥ ਚੈਟਰਜੀ ਅਤੇ ਅਰੂਪ ਬਿਸਵਾਸ ਸਮੇਤ 373 ਉਮੀਦਵਾਰਾਂ ਦੀ ਸਿਆਸੀ ਕਿਸਮਤ ਦਾ ਫ਼ੈਸਲਾ 1.15 ਕਰੋੜ ਤੋਂ ਵੱਧ ਵੋਟਰ ਕਰਨਗੇ। ਸ਼ਾਂਤੀਪੂਰਨ ਵੋਟਿੰਗ ਕਰਵਾਉਣ ਲਈ ਸੁਰੱਖਿਆ ਦੇ ਸਖ਼ਤ ਬੰਦੋਬਸਤ ਕੀਤੇ ਗਏ ਹਨ। 15,490 ਵੋਟਿੰਗ ਕੇਂਦਰਾਂ 'ਤੇ ਕੇਂਦਰੀ ਹਥਿਆਰਬੰਦ ਪੁਲਸ ਫ਼ੋਰਸ (ਸੀ.ਏ.ਪੀ.ਐੱਫ.) ਦੀਆਂ 789 ਟੁੱਕੜੀਆਂ ਤਾਇਨਾਤ ਕੀਤੀਆਂ ਗਈਆਂ ਹਨ। ਸੀ.ਏ.ਪੀ.ਐੱਫ਼ ਦੀਆਂ ਸਭ ਤੋਂ ਵੱਧ 187 ਟੁੱਕੜੀਆਂ ਦੀ ਤਾਇਨਾਤੀ ਕੂਚਬਿਹਾਰ 'ਚ ਕੀਤੀ ਗਈ ਹੈ, ਜਿੱਥੇ ਚੋਣ ਪ੍ਰਚਾਰ ਦੌਰਨ ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਦਿਲੀਪ ਘੋਸ਼ 'ਤੇ ਹਮਲੇ ਸਮੇਤ ਹਿੰਸਾ ਦੀਆਂ ਕੁਝ ਘਟਨਾਵਾਂ ਦੇਖੀਆਂ ਗਈਆਂ। ਕੇਂਦਰੀ ਫ਼ੋਰਸਾਂ ਦੀ ਮਦਦ ਲਈ ਮਹੱਤਵਪੂਰਨ ਸਥਾਨਾਂ 'ਤੇ ਸੂਬਾ ਪੁਲਸ ਫ਼ੋਰਸ ਵੀ ਤਾਇਨਾਤ ਕੀਤੀ ਗਈ ਹੈ। ਪੱਛਮੀ ਬੰਗਾਲ 'ਚ 294 ਵਿਧਾਨ ਸਭਾ ਸੀਟਾਂ ਲਈ 8 ਗੇੜਾਂ 'ਚ ਚੋਣਾਂ ਹੋ ਰਹੀਆਂ ਹਨ। ਵੋਟਾਂ ਦੀ ਗਿਣਤੀ 2 ਮਈ ਨੂੰ ਹੋਵੇਗੀ।

DIsha

This news is Content Editor DIsha