ਮੁੰਬਈ ''ਚ ਇਕ ਦੁਕਾਨ ਤੋਂ ਹਥਿਆਰਾਂ ਦਾ ਜ਼ਖੀਰਾ ਬਰਾਮਦ, ਮਾਲਿਕ ਗ੍ਰਿਫਤਾਰ

01/16/2019 2:47:21 PM

ਠਾਣੇ— ਪੁਲਸ ਨੇ ਠਾਣੇ ਜ਼ਿਲੇ ਦੇ ਡੋਮਬਿਵਲੀ 'ਚ ਫੈਸ਼ਨ ਉਤਪਾਦਾਂ ਦੀ ਇਕ ਦੁਕਾਨ 'ਤੇ ਛਾਪਾ ਮਾਰ ਕੇ ਤਲਵਾਰ ਸਮੇਤ ਕਰੀਬ 170 ਹਥਿਆਰਾਂ ਦਾ ਜ਼ਖੀਰਾ ਬਰਾਮਦ ਕੀਤਾ ਹੈ। ਇਕ ਅਧਿਕਾਰੀ ਨੇ ਬੁੱਧਵਾਰ ਨੂੰ ਦੱਸਿਆ ਕਿ ਇਕ ਖੂਫੀਆ ਸੂਚਨਾ ਦੇ ਆਧਾਰ 'ਤੇ ਸੋਮਵਾਰ ਨੂੰ ਛਾਪਾ ਮਾਰਿਆ ਗਿਆ। ਦੁਕਾਨ ਦੇ ਮਾਲਿਕ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਠਾਣੇ ਅਪਰਾਧ ਸ਼ਾਖਾ ਦੀ ਕਲਿਆਣ ਇਕਾਈ ਦੇ ਸੀਨੀਅਰ ਇੰਸਪੈਕਟਕ ਸੰਜੂ ਜੌਨ ਨੇ ਦੱਸਿਆ ਕਿ ਫੈਸ਼ਨ ਅਤੇ ਕਾਸਮੈਟਿਕਸ ਉਤਪਾਦਾਂ ਦਾ ਕੰਮ ਕਰਨ ਵਾਲੀ ਦੁਕਾਨ ਤਪੱਸਿਆ ਹਾਊਸ ਆਫ ਫੈਸ਼ਨ 'ਚ ਹਥਿਆਰਾਂ ਦੀ ਵਿਕਰੀ ਲਈ ਰੱਖੇ ਹੋਏ ਸੀ। ਉਨ੍ਹਾਂ ਕਿਹਾ ਛਾਪੇ ਦੌਰਾਨ ਏਅਰ ਗਨ, 10 ਤਲਵਾਰਾਂ, 38 ਪ੍ਰੈੱਸ ਬਟਨ ਚਾਕੂ, 25 ਗੰਡਾਸੇ, ਤਿੰਨ ਕੁਲਹਾੜੀ, ਇਕ ਦਰਾਤੀ ਸਮੇਤ 170 ਹਥਿਆਰ ਬਰਾਮਦ ਕੀਤੇ ਗਏ।

ਅਧਿਕਾਰੀ ਨੇ ਦੱਸਿਆ ਕਿ ਜ਼ਬਤ ਕੀਤੇ ਗਏ ਹਥਿਆਰਾਂ ਦੀ ਕੀਮਤ 1.86 ਲੱਖ ਰੁਪਏ ਹੈ। ਇਹ ਦੁਕਾਨ ਪਿਛਲੇ ਸੱਤ ਮਹੀਨਿਆਂ ਤੋਂ ਚੱਲ ਰਹੀ ਹੈ। ਜੌਨ ਨੇ ਕਿਹਾ ਕਿ ਦੁਕਾਨ ਦੇ ਮਾਲਿਕ ਧਨੰਜੈ ਕੁਲਕਰਨੀ(49) ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪੁਲਸ ਮੁਤਾਬਕ ਦੋਸ਼ੀ ਨੇ ਦੱਖਣ ਮੁੰਬਈ 'ਚ ਕ੍ਰਾਫੋਰਡ ਮਾਰਕੇਟ ਦੇ ਨਾਲ-ਨਾਲ ਪੰਜਾਬ ਅਤੇ ਰਾਜਸਥਾਨ ਤੋਂ ਹਥਿਆਰ ਖਰੀਦੇ ਸਨ। ਪੁਲਸ ਨੇ ਦੱਸਿਆ ਕਿ ਕੁਲਕਰਨੀ ਨੂੰ ਮੰਗਲਵਾਰ ਨੂੰ ਇਕ ਸਥਾਨਕ ਅਦਾਲਤ ਦੇ ਸਾਹਮਣੇ ਪੇਸ਼ ਕੀਤਾ ਗਿਆ ਜਿੱਥੇ ਉਸ ਨੂੰ ਨਿਆਇਕ ਹਿਰਾਸਤ 'ਚ ਭੇਜ ਦਿੱਤਾ ਗਿਆ। ਮਾਮਲੇ ਦੀ ਜਾਂਚ ਚੱਲ ਰਹੀ ਹੈ।

Neha Meniya

This news is Content Editor Neha Meniya