UN ''ਚ ਭਾਰਤ ਵੱਲੋਂ ਯੂਕ੍ਰੇਨ ''ਤੇ ਵੋਟ ਨਾ ਪਾਉਣ ''ਤੇ EU ਰਾਜਦੂਤ ਨੇ ਕਿਹਾ- "ਅਸੀਂ ਭਾਰਤ ਦੇ ਫ਼ੈਸਲੇ ਦਾ ਸਨਮਾਨ ਕਰਦੇ ਹਾਂ"

02/25/2023 10:08:48 PM

ਇੰਟਰਨੈਸ਼ਨਲ ਡੈਸਕ : ਭਾਰਤ 'ਚ ਯੂਰਪੀ ਸੰਘ ਦੇ ਰਾਜਦੂਤ ਉਗੋ ਅਸਤੂਟੋ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਰੂਸ-ਯੂਕ੍ਰੇਨ ਸੰਘਰਸ਼ 'ਤੇ ਭਾਰਤ ਦੀ ਸਥਿਤੀ ਅਤੇ ਫ਼ੈਸਲੇ ਦਾ ਸਨਮਾਨ ਕਰਦੇ ਹਨ। ਉਨ੍ਹਾਂ ਇਹ ਟਿੱਪਣੀ ਸੰਯੁਕਤ ਰਾਸ਼ਟਰ ਮਹਾਸਭਾ 'ਚ ਭਾਰਤ ਦੀ ਵੋਟਿੰਗ ਤੋਂ ਗੈਰਹਾਜ਼ਰੀ ਬਾਰੇ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ਕੀਤੀ। ਉਨ੍ਹਾਂ ਕਿਹਾ ਕਿ ਅਸੀਂ ਇਹ ਵੀ ਨੋਟ ਕੀਤਾ ਹੈ ਕਿ ਪ੍ਰਧਾਨ ਮੰਤਰੀ ਨੇ ਹਾਲ ਹੀ 'ਚ ਜੋ ਕਿਹਾ ਹੈ ਕਿ ਇਹ ਜੰਗ ਦਾ ਸਮਾਂ ਨਹੀਂ ਹੈ, ਬਿਲਕੁਲ ਸਹੀ ਹੈ।

ਇਹ ਵੀ ਪੜ੍ਹੋ : ਪਾਕਿਸਤਾਨ ਦੀ ਪਹਿਲੀ ਟਰਾਂਸਜੈਂਡਰ ਨਿਊਜ਼ ਐਂਕਰ 'ਤੇ ਜਾਨਲੇਵਾ ਹਮਲਾ, ਹਮਲਾਵਰਾਂ ਨੇ ਕੀਤੀ ਤਾਬੜਤੋੜ ਫਾਇਰਿੰਗ

ਅਸੀਂ ਇਹ ਵੀ ਨੋਟ ਕੀਤਾ ਹੈ ਕਿ ਭਾਰਤ ਸਰਗਰਮੀ ਨਾਲ ਕੀ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਉਦਾਹਰਨ ਲਈ ਉਸ ਮੌਕੇ 'ਤੇ ਜਦੋਂ ਕਾਲੇ ਸਾਗਰ ਰਾਹੀਂ ਅਨਾਜ ਬਰਾਮਦ ਕਰਨ ਦੇ ਪ੍ਰਬੰਧ 'ਤੇ ਗੱਲਬਾਤ ਕੀਤੀ ਜਾ ਰਹੀ ਹੈ। ਯੂਰਪੀ ਸੰਘ ਦੇ ਰਾਜਦੂਤ ਨੇ ਕਿਹਾ ਕਿ ਇਸ ਲਈ ਭਾਰਤ ਇਕ ਸਾਕਾਰਾਤਮਕ ਭੂਮਿਕਾ ਨਿਭਾ ਰਿਹਾ ਹੈ ਅਤੇ ਮੈਨੂੰ ਯਕੀਨ ਹੈ ਕਿ ਇਹ ਜਾਰੀ ਰਹੇਗਾ। ਭਾਰਤ ਨੇ ਵੀਰਵਾਰ ਨੂੰ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਵਿੱਚ ਇਕ ਮਤੇ 'ਤੇ ਵੋਟਿੰਗ ਤੋਂ ਪ੍ਰਹੇਜ਼ ਕੀਤਾ, ਜਿਸ ਵਿੱਚ ਸੰਯੁਕਤ ਰਾਸ਼ਟਰ ਚਾਰਟਰ ਦੇ ਸਿਧਾਂਤਾਂ ਅਨੁਸਾਰ ਜਲਦੀ ਤੋਂ ਜਲਦੀ ਯੂਕ੍ਰੇਨ ਵਿੱਚ "ਵਿਆਪਕ, ਨਿਆਂਪੂਰਨ ਅਤੇ ਸਥਾਈ ਸ਼ਾਂਤੀ" ਤੱਕ ਪਹੁੰਚਣ ਦੀ ਜ਼ਰੂਰਤ ਨੂੰ ਰੇਖਾਂਕਿਤ ਕੀਤਾ ਗਿਆ ਸੀ।

ਇਹ ਵੀ ਪੜ੍ਹੋ : ਕਰਜ਼ੇ 'ਚ ਡੁੱਬਾ ਪਾਕਿਸਤਾਨ, ਕਾਰੋਬਾਰੀ ਨੇ ਬੇਟੀ ਨੂੰ ਵਿਆਹ 'ਚ ਸੋਨੇ ਦੀਆਂ ਇੱਟਾਂ ਨਾਲ ਤੋਲਿਆ

ਦੱਸ ਦੇਈਏ ਕਿ 193 ਮੈਂਬਰੀ UNGA 'ਚ ਵੋਟਿੰਗ ਦੌਰਾਨ 141 ਮੈਂਬਰ ਦੇਸ਼ਾਂ ਨੇ ਪ੍ਰਸਤਾਵ ਦੇ ਪੱਖ 'ਚ ਵੋਟਿੰਗ ਕੀਤੀ। 7 ਨੇ ਮਤੇ ਦਾ ਵਿਰੋਧ ਕੀਤਾ ਤਾਂ ਭਾਰਤ ਅਤੇ ਚੀਨ ਸਮੇਤ 32 ਮੈਂਬਰ ਗੈਰਹਾਜ਼ਰ ਰਹੇ। ਰੂਸ-ਯੂਕ੍ਰੇਨ ਸੰਘਰਸ਼ ਦੀ ਪਹਿਲੀ ਵਰ੍ਹੇਗੰਢ 'ਤੇ ਬੋਲਦਿਆਂ ਰਾਜਦੂਤ ਨੇ ਕਿਹਾ ਕਿ ਉਹ ਯੂਕ੍ਰੇਨ ਦੇ ਨਾਲ ਖੜ੍ਹਾ ਹੈ ਅਤੇ ਇਹ ਮਹੱਤਵਪੂਰਨ ਹੈ ਕਿ ਅੰਤਰਰਾਸ਼ਟਰੀ ਭਾਈਚਾਰਾ ਸੰਯੁਕਤ ਰਾਸ਼ਟਰ ਚਾਰਟਰ ਦੇ ਮੁੱਲਾਂ ਨੂੰ ਪਰਿਭਾਸ਼ਿਤ ਕਰਨ ਲਈ ਇਕੱਠੇ ਆਵੇ। "ਅਸੀਂ ਇਕ ਬਹੁਤ ਹੀ ਦੁਖਦ ਵਰ੍ਹੇਗੰਢ ਮਨਾ ਰਹੇ ਹਾਂ। ਬਦਕਿਸਮਤੀ ਨਾਲ ਰੂਸੀ ਹਮਲੇ ਦਾ ਇਕ ਸਾਲ। ਯੂਰਪੀਅਨ ਯੂਨੀਅਨ ਹੋਣ ਦੇ ਨਾਤੇ ਯੂਕ੍ਰੇਨ ਸਾਡਾ ਮਿੱਤਰ ਹੈ, ਇਹ ਸਾਡਾ ਭਾਈਵਾਲ ਹੈ।"

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

Mukesh

This news is Content Editor Mukesh