22 ਸਾਲ ਪੁਰਾਣੀ ਪਾਣੀ ਦੀ ਟੈਂਕੀ ਢਹਿਣ ਨਾਲ 3 ਦੀ ਮੌਤ, 6 ਜ਼ਖਮੀ

08/12/2019 5:30:09 PM

ਅਹਿਮਦਾਬਾਦ— ਅਹਿਮਦਾਬਾਦ ਦੇ ਬੋਪਲ ਖੇਤਰ 'ਚ ਸੋਮਵਾਰ ਦੁਪਹਿਰ ਇਕ ਪਾਣੀ ਦੀ ਟੈਂਕੀ ਢਹਿਣ ਨਾਲ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ 6 ਲੋਕ ਜ਼ਖਮੀ ਹੋ ਗਏ। ਇਹ ਟੈਂਕੀ ਕਾਫੀ ਖਸਤਾ ਹਾਲਤ 'ਚ ਸੀ। ਸਥਾਨਕ ਲੋਕ ਕਾਫੀ ਸਮੇਂ ਤੋਂ ਇਸ ਨੂੰ ਸੁੱਟਣ ਦੀ ਮੰਗ ਕਰ ਰਹੇ ਸਨ। ਅਹਿਮਦਾਬਾਦ ਦੇ ਇਸ ਖੇਤਰ 'ਚ ਪਿਛਲੇ ਦਿਨਾਂ 'ਚ ਕਾਫੀ ਬਾਰਸ਼ ਹੋਈ ਹੈ।

3 ਦੀ ਮੌਤ, 6 ਜ਼ਖਮੀ
ਪ੍ਰਾਪਤ ਜਾਣਕਾਰੀ ਅਨੁਸਾਰ ਸੋਮਵਾਰ ਦੁਪਹਿਰ ਇਸ ਟੈਂਕੀ ਦਾ ਮਲਬਾ ਕੋਲ ਹੀ ਕੇਟਰਿੰਗ ਦਾ ਕੰਮ ਕਰ ਰਹੇ ਮਜ਼ਦੂਰਾਂ 'ਤੇ ਡਿੱਗਿਆ। ਇਸ 'ਚ 9 ਲੋਕ ਦੱਬ ਗਏ ਸਨ। ਇਨ੍ਹਾਂ ਸਾਰਿਆਂ ਨੂੰ ਸੋਲਾ ਸਿਵਲ ਹਸਪਤਾਲ ਲਿਜਾਇਆ ਗਿਆ। ਹਸਪਤਾਲ ਦੇ ਸੁਪਰਡੈਂਟ ਆਰ.ਐੱਮ. ਜਿਤੀਆ ਨੇ ਦੱਸਿਆ,''ਤਿੰਨ ਦੀ ਪਹਿਲਾਂ ਹੀ ਮੌਤ ਹੋ ਚੁਕੀ ਸੀ, ਜਦੋਂ ਕਿ 6 ਹੋਰ ਦਾ ਇਲਾਜ ਚੱਲ ਰਿਹਾ ਹੈ। 2 ਦੀ ਹਾਲਤ ਗੰਭੀਰ ਹੈ।''

1997 'ਚ ਬਣਾਈ ਗਈ ਸੀ ਟੈਂਕੀ
ਅਹਿਮਦਾਬਾਦ ਦੇ ਜ਼ਿਲਾ ਅਧਿਕਾਰੀ ਵਿਕਰਾਂਤ ਪਾਂਡੇ ਨੇ ਦੱਸਿਆ ਕਿ ਇਸ ਘਟਨਾ ਦੀ ਜਾਂਚ ਲਈ ਇਕ ਕਮੇਟੀ ਬਣਾਈ ਗਈ ਹੈ। ਉਨ੍ਹਾਂ ਨੇ ਕਿਹਾ,''1997 'ਚ ਨਗਰਪਾਲਿਕਾ ਨੇ ਪਾਣੀ ਦਾ ਇਹ ਟੈਂਕ ਬਣਵਾਇਆ ਸੀ। ਜ਼ਮੀਨ ਧੱਸਣ ਕਾਰਨ ਇਹ ਡਿੱਗ ਗਿਆ। ਜਾਂਚ ਦੇ ਆਦੇਸ਼ ਦੇ ਦਿੱਤੇ ਗਏ ਹਨ। ਰਿਪੋਰਟ ਦੇ ਆਧਾਰ 'ਤੇ ਕਾਰਵਾਈ ਕੀਤੀ ਜਾਵੇਗੀ।''

ਘਟਨਾ ਸਮੇਂ ਬੱਚੇ ਸਨ ਸਕੂਲ ਦੇ ਅੰਦਰ
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਪਾਣੀ ਦੀ ਟੈਂਕੀ ਅਹਿਮਦਾਬਾਦ ਦੇ ਬੋਪਲ ਇਲਾਕੇ 'ਚ ਸੰਸਕ੍ਰਿਤੀ ਫਲੈਟ ਅਤੇ ਤੇਜਸ ਸਕੂਲ ਕੋਲ ਬਣੀ ਸੀ। ਜਿਸ ਸਮੇਂ ਇਹ ਟੈਂਕੀ ਡਿੱਗੀ, ਉਸ ਸਮੇਂ ਬੱਚੇ ਸਕੂਲ ਦੇ ਅੰਦਰ ਸਨ, ਇਸ ਲਈ ਉਹ ਇਸ ਦੀ ਲਪੇਟ 'ਚ ਆਉਣ ਤੋਂ ਬਚ ਗਏ। ਇਸ ਘਟਨਾ ਨੂੰ ਲੈ ਕੇ ਸਥਾਨਕ ਲੋਕਾਂ 'ਚ ਕਾਫ਼ੀ ਨਾਰਾਜ਼ਗੀ ਹੈ।

DIsha

This news is Content Editor DIsha