ਪਾਣੀ ਸੰਕਟ : ਬੇਂਗਲੁਰੂ ਬਣਨ ਜਾ ਰਿਹੈ ਭਾਰਤ ਦਾ ਕੇਪਟਾਊਨ

03/18/2018 1:07:13 AM

ਬੇਂਗਲੁਰੂ — ਭਾਰਤ ਦੀ ਸਿਲੀਕਾਨ ਵੈਲੀ ਬੇਂਗਲੁਰੂ ਬਹੁਤ ਛੇਤੀ ਭਾਰਤ ਦਾ ਕੇਪਟਾਊਨ ਬਣਨ ਵਾਲੀ ਹੈ। ਇਥੇ ਪਾਣੀ ਦਾ ਸੰਕਟ ਇੰਨਾ ਵੱਧਦਾ ਜਾ ਰਿਹਾ ਹੈ ਕਿ ਹਰ ਦਿਨ ਹਜ਼ਾਰਾਂ ਟੈਂਕਰ ਪਾਣੀ ਸ਼ਹਿਰ ਤੱਕ ਪਹੁੰਚਾਉਣ ਲਈ ਲਿਆਂਦਾ ਜਾਂਦਾ ਹੈ। ਮਾਹਰਾਂ ਦਾ ਮੰਨਣਾ ਹੈ ਕਿ ਜੇ ਸਥਿਤੀ ਇਹੀ ਬਣੀ ਰਹੀ ਤਾਂ ਛੇਤੀ ਹੀ ਬੇਂਗਲੁਰੂ ਭਾਰਤ ਦਾ ਪਹਿਲਾ ਅਜਿਹਾ ਸ਼ਹਿਰ ਬਣ ਜਾਵੇਗਾ, ਜਿੱਥੇ ਬਿਲਕੁਲ ਪਾਣੀ ਨਹੀਂ ਬਚੇਗਾ।
ਦੱਸ ਦਈਏ ਕਿ ਕੇਪਟਾਊਨ ਵਿਚ ਪਾਣੀ ਦਾ ਭਿਆਨਕ ਸੰਕਟ ਸਾਹਮਣੇ ਆਇਆ ਹੈ। ਸਥਾਨਕ ਨਾਗਰਿਕ ਅਤੇ ਮੀਂਹ ਦਾ ਪਾਣੀ ਇਕੱਠਾ ਕਰਕੇ ਇਸ ਸਮੱਸਿਆ ਤੋਂ ਬਚਣ ਦੀ ਕੋਸ਼ਿਸ਼ ਕਰਨ ਵਾਲੇ 30 ਸਾਲ ਦੇ ਨਾਗਰਾਜ ਦੱਸਦੇ ਹਨ ਕਿ ਉਨ੍ਹਾਂ ਨੇ ਪਿਛਲੇ ਕਈ ਸਾਲ ਤੋਂ ਬਦਲਦੇ ਸ਼ਹਿਰ ਨੂੰ ਦੇਖਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਭਵਿੱਖ ਕਾਫੀ ਮੁਸ਼ਕਲ ਹੋਣ ਵਾਲਾ ਹੈ। ਜ਼ਮੀਨ ਤੋਂ 1500 ਫੁੱਟ ਹੇਠਾਂ ਜਾਣ 'ਤੇ ਵੀ ਪਾਣੀ ਨਹੀਂ ਮਿਲਦਾ। ਅਜਿਹੇ ਵਿਚ ਪਾਣੀ ਕਿੱਥੋਂ ਆਵੇਗਾ, ਉਨ੍ਹਾਂ ਨੂੰ ਇਹ ਸਵਾਲ ਪ੍ਰੇਸ਼ਾਨ ਕਰਦਾ ਹੈ।
ਕਿਸੇ ਸਮੇਂ ਭਾਰਤ ਦੀ ਗਾਰਡਨ ਸਿਟੀ ਦੇ ਨਾਂ ਨਾਲ ਮਸ਼ਹੂਰ ਬੇਂਗਲੁਰੂ ਕਈ ਝੀਲਾਂ ਦੇ ਨੇੜੇ ਵਸਾਇਆ ਗਿਆ ਸੀ। ਇਨ੍ਹਾਂ ਝੀਲਾਂ ਵਿਚ ਪਾਣੀ ਨੂੰ ਇਕੱਠਾ ਕਰਨ ਲਈ ਯੋਜਨਾ ਸੀ, ਜਿਸ ਨਾਲ ਪਾਣੀ ਬਚਾਇਆ ਜਾ ਸਕੇ। ਹਾਲਾਂਕਿ ਹੁਣ ਅਪਾਰਟਮੈਂਟਸ ਦੀ ਵੱਧਦੀ ਗਿਣਤੀ ਕਾਰਨ ਝੀਲਾਂ ਪ੍ਰਦੂਸ਼ਿਤ ਰਹਿੰਦੀਆਂ ਹਨ। ਸ਼ਹਿਰ ਦੀ ਮਸ਼ਹੂਰ ਝੀਲ ਕਾਫੀ ਸਮੇਂ ਤੋਂ ਪ੍ਰਦੂਸ਼ਣ ਕਾਰਨ ਪ੍ਰੇਸ਼ਾਨੀ ਦਾ ਸਬੱਬ ਬਣੀ ਹੋਈ ਹੈ। ਝੀਲ ਵਿਚ ਅਕਸਰ ਅੱਗ ਲੱਗਦੀ ਰਹਿੰਦੀ ਹੈ।
ਭਾਰਤੀ ਵਿਗਿਆਨ ਸੰਸਥਾਨ ਵਿਚ ਵਾਤਾਵਰਣ ਮਾਹਰ ਟੀ. ਵੀ. ਰਾਮਚੰਦਰ ਚਿਤਾਵਨੀ ਦਿੰਦੇ ਹਨ ਕਿ ਬੇਂਗਲੁਰੂ ਵਿਚ ਛੇਤੀ ਹੀ ਬਿਲਕੁਲ ਪਾਣੀ ਨਹੀਂ ਬਚੇਗਾ। ਉਹ ਕਹਿੰਦੇ ਹਨ ਕਿ ਸ਼ਹਿਰੀਕਰਨ ਦਾ ਦੌਰ ਜੇ ਇਸੇ ਤਰ੍ਹਾਂ ਚਲਦਾ ਰਿਹਾ ਤਾਂ 2020 ਤੱਕ ਸ਼ਹਿਰ ਦਾ 94 ਫੀਸਦੀ ਹਿੱਸਾ ਕੰਕ੍ਰੀਟ ਵਿਚ ਬਦਲ ਜਾਵੇਗਾ। ਪਹਿਲਾਂ ਤੋਂ ਹੀ ਸ਼ਹਿਰ ਦੇ ਲਗਭਗ 1 ਕਰੋੜ ਲੋਕ ਬੋਰਵੈੱਲ ਅਤੇ ਟੈਂਕਰਾਂ 'ਤੇ ਨਿਰਭਰ ਕਰਦੇ ਹਨ।