ਕੋਰੋਨਾ ਵਿਰੁੱਧ ਯੁੱਧ ਖ਼ਤਮ ਨਹੀਂ, ਹਾਲੇ ਹਥਿਆਰ ਨਹੀਂ ਸੁੱਟਣੇ : ਨਰਿੰਦਰ ਮੋਦੀ

10/22/2021 12:29:02 PM

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਭਾਵੇਂ ਹੀ ਦੇਸ਼ ’ਚ ਇਕ ਅਰਬ ਟੀਕੇ ਲਗਾਏ ਗਏ ਹੋਣ ਪਰ ਹਾਲੇ ਕੋਰੋਨਾ ਵਿਰੁੱਧ ਯੁੱਧ ਖ਼ਤਮ ਨਹੀਂ ਹੋਇਆ ਹੈ, ਇਸ ਲਈ ਸਾਰਿਆਂ ਨੂੰ ਸਾਵਧਾਨੀ ਵਰਤਣੀ ਹੈ ਅਤੇ ਹਥਿਆਰ ਨਹੀਂ ਸੁੱਟਣੇ ਹਨ। ਦੇਸ਼ ’ਚ ਇਕ ਅਰਬ ਟੀਕੇ ਲਾਏ ਜਾਣ ਦੀ ਉਪਲੱਬਧੀ ’ਤੇ ਸ਼ੁੱਕਰਵਾਰ ਨੂੰ ਰਾਸ਼ਟਰ ਦੇ ਨਾਮ ਸੰਬੋਧਨ ’ਚ ਮੋਦੀ ਨੇ ਕਿਹਾ ਕਿ ਹਾਲੇ ਤਿਉਹਾਰਾਂ ਦਾ ਮੌਸਮ ਆ ਰਿਹਾ ਹੈ ਅਤੇ ਇਸ ਦੌਰਾਨ ਸਾਨੂੰ ਸਾਰਿਆਂ ਨੂੰ ਪੂਰੀ ਸਾਵਧਾਨੀ ਵਰਤਣੀ ਹੈ, ਕਿਉਂਕਿ ਕੋਰੋਨਾ ਮਹਾਮਾਰੀ ਤੋਂ ਹਾਲੇ ਪੂਰੀ ਤਰ੍ਹਾਂ ਛੁਟਕਾਰਾ ਨਹੀਂ ਮਿਲੀ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਵਿਰੁੱਧ ਲੜਾਈ ਹਾਲੇ ਖ਼ਤਮ ਨਹੀਂ ਹੋਈ ਹੈ, ਇਸ ਲਈ ਕਿਸੇ ਨੂੰ ਵੀ ਹਥਿਆਰ ਨਹੀਂ ਸੁੱਟਣੇ ਹਨ ਅਤੇ ਆਪਣੇ ਕਵਚ ਵੀ ਪਾ ਕੇ ਰੱਖਣੇ ਹਨ। ਉਨ੍ਹਾਂ ਕਿਹਾ ਕਿ ਜਿਵੇਂ ਅਸੀਂ ਘਰੋਂ ਬਾਹਰ ਜਾਂਦੇ ਸਮੇਂ ਬੂਟ ਪਹਿਨਣੇ ਨਹੀਂ ਭੁੱਲਦੇ, ਇਸੇ ਤਰ੍ਹਾਂ ਸਾਨੂੰ ਮਾਸਕ ਨੂੰ ਵੀ ਨਹੀਂ ਭੁੱਲਣਾ ਹੈ ਅਤੇ ਇਸ ਨੂੰ ਸਿਰਫ਼ ਸੁਭਾਅ ’ਚ ਆਪਣੇ ਜੀਵਨ ’ਚ ਅਪਣਾਉਣਾ ਹੈ। 

ਇਹ ਵੀ ਪੜ੍ਹੋ : ਗਾਜ਼ੀਪੁਰ ਬਾਰਡਰ ਤੋਂ ਕਿਸਾਨਾਂ ਨੇ ਟੈਂਟ ਹਟਾਉਣੇ ਕੀਤੇ ਸ਼ੁਰੂ, ਦਿੱਲੀ ਜਾਣਾ ਹੋਵੇਗਾ ਆਸਾਨ

ਪ੍ਰਧਾਨ ਮੰਤਰੀ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੂੰ ਹਾਲੇ ਵੈਕਸੀਨ ਨਹੀਂ ਲੱਗੀ ਹੈ, ਉਨ੍ਹਾਂ ਨੂੰ ਸਰਵਉੱਚ ਪਹਿਲ ਦੇ ਆਧਾਰ ’ਤੇ ਵੈਕਸੀਨ ਲਗਵਾਉਣੀ ਹੈ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਕੋਰੋਨਾ ਵਿਰੁੱਧ ਆਪਣੇ ਕਵਚ ਪਾ ਕੇ ਰੱਖੋਗੇ ਤਾਂ ਯਕੀਨੀ ਰੂਪ ਨਾਲ ਸਾਡੀ ਜਿੱਤ ਹੋਵੇਗੀ। ਪੀ.ਐੱਮ. ਮੋਦੀ ਨੇ ਕਿਹਾ,‘‘ਇਹ ਸਾਡੇ ਲਈ ਮਾਣ ਦੀ ਗੱਲ ਹੈ ਕਿ ਸਾਡੀ ਟੀਕਾਕਰਨ ਮੁਹਿੰਮ ‘ਵਿਗਿਆਨ-ਜਨਿਤ, ਵਿਗਿਆਨ-ਸੰਚਾਲਿਤ ਅਤੇ ਵਿਗਿਆਨ ਆਧਾਰਤ’ ਹੈ।’’ ਉਨ੍ਹਾਂ ਕਿਹਾ ਕਿ ਭਾਰਤ ਦਾ ਪੂਰਾ ਟੀਕਾਕਰਨ ਪ੍ਰੋਗਰਾਮ ਵਿਗਿਆਨ ਦੀ ਕੁੱਖ ’ਚੋਂ ਜਨਮਿਆ ਹੈ, ਵਿਗਿਆਨ ਦੇ ਆਧਾਰਾਂ ’ਤੇ ਪਨਪਿਆ ਹੈ ਅਤੇ ਵਿਗਿਆਨਕ ਤਰੀਕਿਆਂ ਨਾਲ ਚਾਰੇ ਦਿਸ਼ਾਵਾਂ ’ਚ ਪਹੁੰਚਿਆ ਹੈ। ਉਨ੍ਹਾਂ ਕਿਹਾ ਕਿ ਸਾਰਿਆਂ ਨੂੰ ਨਾਲ ਲੈ ਕੇ, ਦੇਸ਼ ਨੇ ‘ਸਾਰਿਆਂ ਨੂੰ ਟੀਕਾ, ਮੁਫ਼ਤ ਟੀਕਾ’ ਮੁਹਿੰਮ ਦੀ ਸ਼ੁਰੂਆਤ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਦਾ ਸਿਰਫ਼ ਇਕ ਮੰਤਰ ਹੈ ਕਿ ਜੇਕਰ ਬੀਮਾਰੀ ਕੋਈ ਭੇਦਭਾਵ ਨਹੀਂ ਕਰਦੀ ਤਾਂ ਟੀਕਾਕਰਨ ’ਚ ਵੀ ਕਿਸੇ ਤਰ੍ਹਾਂ ਦਾ ਕੋਈ ਭੇਦਭਾਵ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ,‘‘ਇਸ ਲਈ ਇਹ ਯਕੀਨੀ ਕੀਤਾ ਗਿਆ ਕਿ ਕਿਸੇ ਵੀ ਤਰ੍ਹਾਂ ਦੀ ਵੀ.ਆਈ.ਪੀ. ਸੰਸਕ੍ਰਿਤੀ ਨੂੰ ਮਨਜ਼ੂਰੀ ਨਾ ਦਿੱਤੀ ਜਾਵੇ।’’ ਦੱਸਣਯੋਗ ਹੈ ਕਿ ਵੀਰਵਾਰ ਨੂੰ ਦੇਸ਼ ’ਚ ਕੋਰੋਨਾ ਮਹਾਮਾਰੀ ਵਿਰੁੱਧ ਚਲਾਈ ਜਾ ਰਹੀ ਮੁਹਿੰਮ ’ਚ ਇਕ ਅਰਬ ਟੀਕਾਕਰਨ ਦਾ ਅਸਾਧਾਰਣ ਪੜਾਅ ਪਾਰ ਕਰ ਕੇ ਇਤਿਹਾਸਕ ਸਫ਼ਲਤਾ ਹਾਸਲ ਕੀਤੀ ਹੈ।

ਇਹ ਵੀ ਪੜ੍ਹੋ : ਮੁਰਗਾ ਨਹੀਂ ਦਿੱਤਾ ਤਾਂ ‘ਹਰਿਆਣਵੀ ਨਿਹੰਗ’ ਨੇ ਨੌਜਵਾਨ ਨੂੰ ਡੰਡਿਆਂ ਨਾਲ ਕੁੱਟਿਆ

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ

DIsha

This news is Content Editor DIsha