ਇਨਸਾਨਾਂ ਦੀਆਂ ਨਜ਼ਰਾਂ ਤੋਂ ਗਿੱਧਾਂ ਨੂੰ ਬਚਾਉਣ ਲਈ ਬਣੇਗਾ ਖਾਸ ਰੈਸਟੋਰੈਂਟ

Friday, May 31, 2019 - 05:28 PM (IST)

ਇਨਸਾਨਾਂ ਦੀਆਂ ਨਜ਼ਰਾਂ ਤੋਂ ਗਿੱਧਾਂ ਨੂੰ ਬਚਾਉਣ ਲਈ ਬਣੇਗਾ ਖਾਸ ਰੈਸਟੋਰੈਂਟ

ਅਗਰਤਲਾ— ਵਾਤਾਵਰਣ ਨੂੰ ਸਾਫ-ਸੁਥਰਾ ਰੱਖਣ 'ਚ ਅਹਿਮ ਭੂਮਿਕਾ ਅਦਾ ਕਰਨ ਵਾਲੇ ਪ੍ਰਾਣੀ ਗਿੱਧਾਂ, ਇਨਸਾਨਾਂ ਦੀ ਨਜ਼ਰ ਤੋਂ ਆਪਣੀ ਜਾਨ ਬਚਾਉਣ 'ਚ ਜੁਟੇ ਹੋਏ ਹਨ। ਉਸ ਦੀ ਹੋਂਦ ਨੂੰ ਬਚਾਈ ਰੱਖਣ ਲਈ ਤ੍ਰਿਪੁਰਾ ਜੰਗਲਾਤ ਵਿਭਾਗ ਵੀ ਜ਼ਰੂਰੀ ਉਪਾਅ ਕਰ ਰਿਹਾ ਹੈ। ਆਪਣੇ ਵਾਤਾਵਰਣ ਸਾਂਭ-ਸੰਭਾਲ ਕੋਸ਼ਿਸ਼ਾਂ ਤਹਿਤ ਤ੍ਰਿਪੁਰਾ ਜੰਗਲਾਤ ਵਿਭਾਗ ਗਿੱਧਾਂ ਦੀ ਵੱਖਰੀ ਇਕ ਬਸਤੀ ਵਸਾਉਣ ਦੀ ਯੋਜਨਾ 'ਤੇ ਕੰਮ ਕਰ ਰਿਹਾ ਹੈ। ਖੌਵਾਈ ਜ਼ਿਲੇ 'ਚ ਵਸਾਈ ਜਾਣ ਵਾਲੀ ਇਸ ਬਸਤੀ 'ਚ ਗਿੱਧਾਂ ਨੂੰ ਜਿਥੇ ਲੋੜੀਂਦਾ ਭੋਜਨ ਨਹੀਂ ਮਿਲੇਗਾ, ਉਥੇ ਹੀ ਕੁਦਰਤ ਮੁਤਾਬਕ ਮਾਹੌਲ ਵੀ ਉਨ੍ਹਾਂ ਨੂੰ ਮੁਹੱਈਆ ਕਰਵਾਇਆ ਜਾਵੇਗਾ। ਹਾਲ ਹੀ 'ਚ ਇਸੇ ਜ਼ਿਲੇ 'ਚ ਇਸ ਅਲੋਪ ਹੋਣ ਕੰਢੇ ਪ੍ਰਾਣੀ ਨੂੰ ਦੇਖਿਆ ਗਿਆ ਸੀ। ਮਰੇ ਹੋਏ ਜੀਵ ਜੰਤੂਆਂ ਨੂੰ ਖਾਣ ਵਾਲੇ ਪੰਛੀ ਗਿੱਧਾਂ ਵਾਤਾਵਰਣ ਨੂੰ ਸਾਫ-ਸੁਥਰਾ ਰੱਖਣ 'ਚ ਅਹਿਮ ਭੂਮਿਕਾ ਅਦਾ ਕਰਦੀਆਂ ਹਨ ਪਰ ਇਸ ਦੀ ਹੋਂਦ 'ਤੇ ਕਈ ਤਰ੍ਹਾਂ ਦੇ ਖਤਰੇ ਮੰਡਰਾ ਰਹੇ ਹਨ, ਜਿਨ੍ਹਾਂ 'ਚੋਂ ਇਕ ਖਤਰਾ ਪੇਨ ਕਿਲਰ ਦਵਾਈ ਡਾਈਕਲੋਫੇਨਿਕ ਵੀ ਹੈ। ਨਾਲ ਹੀ ਆਪਣੇ ਰਿਹਾਇਸ਼ੀ ਇਲਾਕਿਆਂ ਦੇ ਨਸ਼ਟ ਹੋਣ ਨਾਲ ਵੀ ਗਿੱਧਾਂ ਬੇਘਰ ਹੋ ਕੇ ਹੁਣ ਅਲੋਪ ਹੋਣ ਕੰਢੇ ਪਹੁੰਚ ਗਈਆਂ ਹਨ। ਖੌਵਾਈ ਦੇ ਜੰਗਲਾਤ ਅਧਿਕਾਰੀ ਡੀ. ਐੱਫ. ਓ. ਨੀਰਜ ਕੁਮਾਰ ਚੰਚਲ ਨੇ ਦੱਸਿਆ ਕਿ ਨਦੀ ਦੇ ਕੰਢੇ ਨੇੜਲੇ ਕਲਿਆਣਪੁਰ ਇਲਾਕੇ 'ਚ 26 ਅਤੇ ਛੇਬਰੀ ਇਲਾਕੇ 'ਚ 10 ਗਿੱਧ ਦੇਖ ਗਏ।

ਭਾਰਤ ਨੇ ਪੇਨ ਕਿਲਰ ਦਵਾਈ ਡਾਈਕਲੋਫੇਨਿਕ 'ਤੇ ਲਗਾਈ ਹੈ ਰੋਕ
ਚੰਚਲ ਨੇ ਦੱਸਿਆ ਕਿ ਅਸੀਂ ਕਲਿਆਣਪੁਰ ਅਤੇ ਛੇਬਰੀ 'ਚ ਗਿੱਧਾਂ ਲਈ ਰੈਸਟੋਰੈਂਟ ਬਣਾਉਣ ਦੀ ਯੋਜਨਾ 'ਤੇ ਕੰਮ ਕਰ ਰਹੇ ਹਾਂ ਤਾਂ ਕਿ ਇਨ੍ਹਾਂ ਪ੍ਰਾਣੀਆਂ ਨੂੰ ਭੋਜਨ ਦੀ ਸਮੱਸਿਆ ਨਾ ਰਹੇ। ਅਸੀਂ ਇਨ੍ਹਾਂ ਰੈਸਟੋਰੈਂ 'ਚ ਗਿੱਧਾਂ ਲਈ ਮਰੇ ਹੋਏ ਜਾਨਵਰਾਂ ਦੀ ਸਪਲਾਈ ਕਰਾਂਗੇ। ਇਸ ਨਾਲ ਗਿੱਧਾਂ ਨੂੰ ਆਪਣੇ ਘਰ ਅਤੇ ਪ੍ਰਜਣਨ ਸਥਾਨਾਂ ਦੇ ਕੋਲ ਹੀ ਭੋਜਨ ਮੁਹੱਈਆ ਹੋ ਸਕੇਗਾ। ਸਾਬਕਾ ਮੁੱਖ ਜੰਗਲੀਜੀਵ ਵਾਰਡਨ ਅਤੁਲ ਗੁਪਤਾ ਵਲੋਂ ਕੀਤੇ ਗਏ ਇਕ ਸਰਵੇਖਣ ਦੇ ਨਤੀਜਿਆਂ 'ਚ ਦੱਸਿਆ ਗਿਆ ਸੀ ਕਿ ਸੂਬੇ 'ਚ ਦੱਖਣੀ ਤ੍ਰਿਪੁਰਾ ਅਤੇ ਸਿਪਾਹੀਜਾਲਾ 'ਚ ਵੀ ਇਹ ਪੰਛੀ ਵੱਡੀ ਗਿਣਤੀ 'ਚ ਦੇਖਿਆ ਗਿਆ ਹੈ। ਚੰਚਲ ਨੇ ਦੱਸਿਆ ਕਿ ਹਾਲਾਂਕਿ ਭਾਰਤ ਨੇ ਪੇਨਕਿਲਰ ਦਵਾਈ ਡਾਈਕਲੋਫੇਨਿਕ 'ਤੇ ਰੋਕ ਲਗਾਈ ਹੋਈ ਹੈ ਪਰ ਜਾਨਵਰਾਂ ਲਈ ਇਸਤੇਮਾਲ ਕੀਤੀ ਜਾਂਦੀ ਰਹੀ ਇਸ ਦਵਾਈ ਨੂੰ ਹੁਣ ਫਾਰਮਾ ਕੰਪਨੀਆਂ ਇਨਸਾਨਾਂ ਲਈ ਬਣਾ ਰਹੀਆਂ ਹਨ। ਕਿਸਾਨ ਅਕਸਰ ਆਪਣੇ ਪਸ਼ੂਆਂ ਦੇ ਇਲਾਜ ਲਈ ਇਸ ਦਵਾਈ ਦੀ ਨਾਜਾਇਜ਼ ਰੂਪ ਨਾਲ ਵਰਤੋਂ ਕਰਦੇ ਹਨ। ਇਸ ਦਵਾਈ ਦੀ ਵੱਧ ਮਾਤਰਾ ਦੇ ਸੰਪਰਕ 'ਚ ਆਉਣ ਨਾਲ ਗਿੱਧ ਆਂਡੇ ਦੇਣ 'ਚ ਅਸਮਰੱਥ ਹੋ ਜਾਂਦੇ ਹਨ। ਉਨ੍ਹਾਂ ਨੇ ਨਾਲ ਹੀ ਦੱਸਿਆ ਕਿ ਤ੍ਰਿਪੁਰਾ 'ਚ ਕਿਸਾਨ ਇਸ ਦਵਾਈ ਦੀ ਵਰਤੋਂ ਪਸ਼ੂਆਂ ਲਈ ਨਹੀਂ ਕਰਦੇ ਕਿਉਂਕਿ ਇਹ ਕਾਫੀ ਮਹਿੰਗੀ ਹੁੰਦੀ ਹੈ। ਬਾਂਬੇ ਨੇਚਰ ਹਿਸਟਰੀ ਸੋਸਾਇਟੀ ਨੇ ਆਪਣੀ ਇਕ ਰਿਪੋਰਟ 'ਚ ਦੱਸਿਆ ਸੀ ਕਿ ਹਿੰਦੁਸਤਾਨ 'ਚ ਕਦੀ 2 ਕਰੋੜ ਗਿੱਧ ਹੋਇਆ ਕਰਦੇ ਸਨ ਪਰ 2009 ਤੱਕ ਉਨ੍ਹਾਂ ਦੀ ਗਿਣਤੀ ਇਕ ਫੀਸਦੀ 'ਤੇ ਆ ਚੁੱਕੀ ਹੈ।


author

DIsha

Content Editor

Related News