ਉਤਰਾਖੰਡ ਚੋਣਾਂ LIVE : 69 ਸੀਟਾਂ ''ਤੇ ਵੋਟਿੰਗ ਜਾਰੀ, ਮੁੱਖ ਚੋਣ ਅਧਿਕਾਰੀ ਰਾਧਾ ਰਤੂੜੀ ਨੇ ਵੀ ਪਾਈ ਵੋਟ

02/15/2017 11:27:48 AM

ਦੇਹਰਾਦੂਨ— ਉਤਰਾਖੰਡ ਦੀਆਂ ਸਾਰੀਆਂ 69 ਵਿਧਾਨ ਸਭਾ ਸੀਟਾਂ ਲਈ ਪੋਲਿੰਗ ਸ਼ੁਰੂ ਹੋ ਗਈ ਹੈ। ਬਸਪਾ ਉਮੀਦਵਾਰ ਕੁਲਦੀਪ ਕੰਨਿਵਾਸੀ ਦੀ ਸੜਕ ਦੁਰਘਟਨਾ ''ਚ ਮੌਤ ਤੋਂ ਬਾਅਦ 9 ਮਾਰਚ ਨੂੰ ਪੋਲਿੰਗ ਹੋਵੇਗੀ। ਸੂਬੇ ''ਚ ਅੱਜ 35,78,995 ਮਹਿਲਾ ਵੋਟਰਾਂ ਸਮੇਤ ਕੁੱਲ 74,20,701 ਵੋਟਰ 628 ਉਮੀਦਵਾਰਾਂ ਦੀ ਕਿਸਮਤ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ ''ਚ ਬੰਦ ਕਰਨਗੇ। ਪੋਲਿੰਗ ਦੀ ਕਿਰਿਆ ਨੂੰ ਸੁਚਾਰੂ ਢੰਗ ਨਾਲ ਪੂਰੀ ਕਰਾਉਣ ਲਈ ਪੁਲਸ ਸਮੇਤ ਕਰੀਬ 30,000 ਸੁਰੱਖਿਆ ਕਰਮਚਾਰੀਆਂ ਦੀ ਤਾਇਨਾਤੀ ਕੀਤੀ ਗਈ ਹੈ।
ਸੁਰੱਖਿਆ ਕਰਮਚਾਰੀਆਂ ਤੋਂ ਇਲਾਵਾ ਕਰੀਬ 60,000 ਪੋਲਿੰਗ ਕਰਮਚਾਰੀਆਂ ਨੂੰ ਵੀ ਡਿਊਟੀ ''ਤੇ ਲਾਇਆ ਗਿਆ ਹੈ। ਸੂਬੇ ''ਚ ਇਨ੍ਹਾਂ ਵਿਧਾਨ ਸਭਾ ਚੋਣਾਂ ''ਚ ਪਹਿਲੀ ਵਾਰ ਤਿੰਨ ਵਿਧਾਨ ਸਭਾ ਖੇਤਰਾਂ, ਹਰੀਦੁਆਰ ਜ਼ਿਲੇ ਦੇ ਭੇਲ ਰਾਨੀਪੁਰ, ਉਧਮ ਸਿੰਘ ਨਗਰ ਦੇ ਰੁਦਰਪੁਰ ਅਤੇ ਦੇਹਰਾਦੂਨ ਜ਼ਿਲੇ ਦੇ ਧਰਮਪੁਰ, ''ਚ ਵੀ.ਵੀ.ਪੈਟ ਮਸ਼ੀਨਾਂ ਦੀ ਵੀ ਵਰਤੋਂ ਕੀਤਾ ਜਾਵੇਗੀ, ਜਿਸ ਰਾਹੀ ਵੋਟਰ ਖੁਦ ਇਹ ਦੇਖ ਸਕਨਗੇ ਕਿ ਉਨ੍ਹਾਂ ਦੀ ਵੋਟ ਉਸੇ ਉਮੀਦਵਾਰ ਨੂੰ ਗਈ ਹੈ, ਜਿਸ ਲਈ ਉਨ੍ਹਾਂ ਨੇ ਈ.ਵੀ.ਐੱਮ ''ਤੇ ਬਟਨ ਦਬਾਇਆ ਸੀ। ਇੱਥੇ ਇਹ ਵੀ ਦੱਸਣਯੋਗ ਹੈ ਕਿ ਮੁੱਖ ਚੋਣ ਅਧਿਕਾਰੀ ਰਾਧਾ ਰਤੂੜੀ ਨੇ ਵੀ ਦੇਹਰਾਦੂਨ ਦੇ ਕਿਸ਼ਨਪੁਰ ''ਚ ਆਪਣਾ ਵੋਟ ਪਾਇਆ। 

ਕਾਂਗਰਸ-ਭਾਜਪਾ ਦੀ ਲੜਾਈ
ਪ੍ਰਧਾਨ ਮੰਤਰੀ ਮੋਦੀ ਨੇ ਉਤਰਾਖੰਡ ''ਚ ਚਾਰ ਰੈਲੀਆਂ ਕਰ ਕੇ ਮਾਹੌਲ ਨੂੰ ਆਪਣੇ ਪੱਖ ''ਚ ਕਰਨ ਦੀ ਕੋਸ਼ਿਸ਼ ਕੀਤੀ ਤਾਂ ਦੂਜੇ ਪਾਸੇ ਚੋਣ ਪ੍ਰਚਾਰ ਦੇ ਆਖਰੀ ਦਿਨ ਰਾਹੁਲ ਗਾਂਧੀ ਅਤੇ ਹਰੀਸ਼ ਰਾਵਤ ਨੇ ਵੀ ਮੈਦਾਨੀ ਇਲਾਕਿਆਂ ''ਚ ਰੋਡ ਸ਼ੋਅ ਕਰ ਕੇ ਪਾਰਟੀ ਦੇ ਪੱਖ ''ਚ ਜਗ੍ਹਾ ਬਣਾਉਣ ਦੀ ਕੋਸ਼ਿਸ਼ ਕੀਤੀ। ਮੈਦਾਨੀ ਇਲਾਕਿਆਂ ''ਚ 31 ਸੀਟਾਂ ਹਨ, ਜਿਨ੍ਹਾਂ ''ਚ ਕਰੀਬ ਦੋ ਤਿਹਾਈ ਸੀਟਾਂ ਭਾਜਪਾ ਨੇ ਜਿੱਤੀਆਂ। ਮੁੱਖ ਮੰਤਰੀ ਹਰੀਸ਼ ਰਾਵਤ ਖੁਦ ਕਿੱਛਾ ਅਤੇ ਹਰੀਦੁਆਰ ਵਿਧਾਨ ਸਭਾ ਸੀਟ ਤੋਂ ਲੜ ਰਹੇ ਹਨ।