ਸੱਤਾ ਦੇ ''ਰਣ'' ਦਾ ਤੀਜਾ ਗੇੜ, ਜਨਤਾ ਹੱਥ ਸ਼ਾਹ, ਰਾਹੁਲ ਤੇ ਮੁਲਾਇਮ ਦੀ ਸਾਖ

04/23/2019 9:26:42 AM

ਨਵੀਂ ਦਿੱਲੀ— ਲੋਕ ਸਭਾ ਚੋਣਾਂ 2019 ਦੇ ਤੀਜੇ ਗੇੜ ਲਈ ਅੱਜ ਦੇਸ਼ ਭਰ ਦੀਆਂ 117 ਸੀਟਾਂ 'ਤੇ ਵੋਟਿੰਗ ਹੋ ਰਹੀ ਹੈ। ਇਸ 'ਚ ਗੁਜਰਾਤ ਤੇ ਕੇਰਲ ਦੀਆਂ ਸਾਰੀਆਂ ਸੀਟਾਂ 'ਤੇ ਵੋਟਿੰਗ ਹੋ ਰਹੀ ਹੈ। 7 ਪੜਾਵਾਂ 'ਚੋਂ ਸਭ ਤੋਂ ਵੱਡੇ ਇਸ ਗੇੜ 'ਚ ਭਾਰਤੀ ਜਨਤਾ ਪਾਰਟੀ ਦੇ ਮੁਖੀ ਅਮਿਤ ਸ਼ਾਹ, ਕਾਂਗਰਸ ਪ੍ਰਧਾਨ ਰਾਹੁਲ ਗਾਂਧੀ, ਸਮਾਜਵਾਦੀ ਪਾਰਟੀ (ਸਪਾ) ਦੇ ਸੰਸਥਾਪਕ ਮੁਲਾਇਮ ਸਿੰਘ, ਭਾਜਪਾ ਦੇ ਵਰੁਣ ਗਾਂਧੀ ਤੇ ਕਈ ਕੇਂਦਰੀ ਮੰਤਰੀ ਸ਼ਾਮਲ ਹਨ, ਜਿਨ੍ਹਾਂ ਦੀ ਸਾਖ ਹੁਣ ਜਨਤਾ ਦੇ ਹੱਥਾਂ 'ਚ ਹੈ।

 

ਲੋਕ ਸਭਾ ਚੋਣਾਂ ਦੇ ਇਸ ਤੀਜੇ ਗੇੜ 'ਚ ਆਜ਼ਮ ਖਾਨ, ਜੈਪ੍ਰਦਾ, ਸ਼ਿਵਪਾਲ ਸਿੰਘ ਯਾਦਵ, ਸੰਤੋਸ਼ ਗੰਗਵਾਲ ਵਰਗੇ ਪ੍ਰਮੁੱਖ ਨੇਤਾਵਾਂ ਦੀ ਕਿਸਮਤ ਵੀ ਅੱਜ ਈ. ਵੀ. ਐੱਮ. 'ਚ ਬੰਦ ਹੋ ਜਾਵੇਗੀ। ਇਸ ਗੇੜ 'ਚ ਸਭ ਤੋਂ ਖਾਸ ਗੱਲ ਇਹ ਹੈ ਕਿ ਭਾਜਪਾ ਤੇ ਕਾਂਗਰਸ ਦੋਹਾਂ ਪਾਰਟੀਆਂ ਦੇ ਪ੍ਰਧਾਨ ਚੋਣ ਮੈਦਾਨ 'ਚ ਹਨ। ਭਾਜਪਾ ਪ੍ਰਧਾਨ ਅਮਿਤ ਸ਼ਾਹ ਪਹਿਲੀ ਵਾਰ ਲੋਕ ਸਭਾ ਚੋਣ ਲੜ ਰਹੇ ਹਨ। ਅਮਿਤ ਸ਼ਾਹ ਗਾਂਧੀਨਗਰ ਤੋਂ ਭਾਜਪਾ ਦੇ ਉਮੀਦਵਾਰ ਹਨ, ਜਦੋਂ ਕਿ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਕੇਰਲ ਦੇ ਵਾਇਨਾਡ ਸੰਸਦੀ ਖੇਤਰ ਤੋਂ ਉਮੀਦਵਾਰ ਹਨ।

 

 

ਲੋਕ ਸਭਾ ਚੋਣਾਂ ਦੇ ਇਸ ਪੜਾਅ 'ਚ 15 ਸੂਬਿਆਂ ਦੀਆਂ 117 ਸੀਟਾਂ 'ਚੋਂ ਭਾਜਪਾ ਦਾ ਟੀਚਾ ਆਪਣੀਆਂ 62 ਸੀਟਾਂ ਨੂੰ ਬਚਾਉਣ ਦਾ ਹੋਵੇਗਾ, ਜਿੱਥੇ ਪਾਰਟੀ ਨੇ 2014 'ਚ ਜਿੱਤ ਹਾਸਲ ਕੀਤੀ ਸੀ।
ਕਰਨਾਟਕ, ਛੱਤੀਸਗੜ੍ਹ ਤੇ ਉੱਤਰ ਪ੍ਰਦੇਸ਼ 'ਚ ਭਾਜਪਾ ਦੀ ਪ੍ਰੀਖਿਆ ਹੋਵੇਗੀ ਕਿਉਂਕਿ ਪਿਛਲੀਆਂ ਲੋਕ ਸਭਾ ਚੋਣਾਂ 'ਚ ਇਨ੍ਹਾਂ 'ਚ ਪਾਰਟੀ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ ਸੀ। ਭਾਜਪਾ ਨੇ ਇਸ ਪੜਾਅ 'ਚ ਵੋਟਿੰਗ ਵਾਲੀਆਂ ਸੀਟਾਂ 'ਤੇ 2014 'ਚ ਗੁਜਰਾਤ ਦੀਆਂ ਸਾਰੀਆਂ 26 ਸੀਟਾਂ, ਕਰਨਾਟਕ ਦੀਆਂ 14 'ਚੋਂ 11 ਤੇ ਉੱਤਰ ਪ੍ਰਦੇਸ਼ ਦੀਆਂ 10 ਸੀਟਾਂ 'ਚੋਂ 8 'ਤੇ, ਛੱਤੀਸਗੜ੍ਹ ਦੀਆਂ 7 'ਚੋਂ 6 ਸੀਟਾਂ 'ਤੇ ਮਹਾਰਾਸ਼ਟਰ ਦੀਆਂ 14 'ਚੋਂ 6 ਸੀਟਾਂ 'ਤੇ, ਗੋਆ ਦੀਆਂ ਦੋਹਾਂ ਸੀਟਾਂ 'ਤੇ ਅਤੇ ਅਸਾਮ, ਬਿਹਾਰ, ਦਾਦਰ ਨਾਗਰ ਹਵੇਲੀ ਤੇ ਦਮਨ-ਦੀਵ ਦੀਆਂ ਇਕ-ਇਕ ਸੀਟਾਂ 'ਤੇ ਜਿੱਤ ਹਾਸਲ ਕੀਤੀ ਸੀ।