ਭਾਰਤ ਨੇ ਦੱਖਣੀ ਕੋਰੀਆ ਦੇ ਨਾਗਰਿਕਾਂ ਲਈ ''ਆਗਮਨ ''ਤੇ ਵੀਜ਼ਾ'' ਸਹੂਲਤ ਕੀਤੀ ਸ਼ੁਰੂ

12/09/2018 3:13:41 PM

ਨਵੀਂ ਦਿੱਲੀ (ਭਾਸ਼ਾ)— ਭਾਰਤ ਨੇ ਦੱਖਣੀ ਕੋਰੀਆ ਦੇ ਨਾਗਰਿਕਾਂ ਲਈ 'ਆਗਮਨ 'ਤੇ ਵੀਜ਼ਾ' ਸਹੂਲਤ ਦੀ ਸ਼ੁਰੂਆਤ ਕੀਤੀ ਹੈ। ਇਸ ਕਦਮ ਨਾਲ ਸੈਲਾਨੀਆਂ ਅਤੇ ਕਾਰੋਬਾਰੀ ਯਾਤਰੀਆਂ ਦੀ ਗਿਣਤੀ 'ਚ ਵਾਧਾ ਹੋਣ ਦੀ ਉਮੀਦ ਹੈ। ਜਾਪਾਨ ਤੋਂ ਬਾਅਦ ਦੱਖਣੀ ਕੋਰੀਆ ਅਜਿਹਾ ਦੂਜਾ ਦੇਸ਼ ਹੈ, ਜਿਸ ਦੇ ਨਾਗਰਿਕਾਂ ਨੂੰ ਭਾਰਤ ਵੀਜ਼ਾ ਦੀ ਸਹੂਲਤ ਦੇ ਰਿਹਾ ਹੈ। ਜਾਪਾਨ ਦੇ ਨਾਗਰਿਕਾਂ ਨੂੰ ਇਹ ਸਹੂਲਤ ਮਾਰਚ 2016 ਤੋਂ ਮਿਲ ਰਹੀ ਹੈ। ਗ੍ਰਹਿ ਮੰਤਰਾਲੇ ਦੇ ਅਧਿਕਾਰੀ ਨੇ ਦੱਸਿਆ ਕਿ ਭਾਰਤ ਨੇ ਦੱਖਣੀ ਕੋਰੀਆ ਦੇ ਨਾਗਰਿਕਾਂ ਨੂੰ ਇਹ ਸਹੂਲਤ ਉਪਲੱਬਧ ਕਰਾਉਣ ਦਾ ਫੈਸਲਾ ਕੀਤਾ ਹੈ। ਇਹ ਸਹੂਲਤ 1 ਅਕਤੂਬਰ 2018 ਤੋਂ ਸ਼ੁਰੂ ਹੋ ਗਈ ਹੈ। 

ਜਾਪਾਨੀ ਨਾਗਰਿਕਾਂ ਵਾਂਗ ਦੱਖਣੀ ਕੋਰੀਆ ਦੇ ਨਾਗਰਿਕਾਂ ਨੂੰ ਵੀ ਦੋਹਰੀ ਐਂਟਰੀ ਦੀ ਸਹੂਲਤ ਸ਼ਾਮਲ ਹੈ। ਹਾਲਾਂਕਿ ਯਾਤਰਾ 60 ਦਿਨਾਂ ਦੇ ਸਮੇਂ ਤੋਂ ਵੱਧ ਦੀ ਨਹੀਂ ਹੋਣੀ ਚਾਹੀਦੀ ਹੈ। ਕਾਰੋਬਾਰ, ਸੈਰ-ਸਪਾਟਾ, ਸੰਮੇਲਨ ਜਾਂ ਡਾਕਟਰੀ ਦੇ ਉਦੇਸ਼ ਨਾਲ ਆਉਣ ਵਾਲੇ ਦੱਖਣੀ ਕੋਰੀਆਈ ਨਾਗਰਿਕ ਇਸ ਸਹੂਲਤ ਦਾ ਲਾਭ ਲੈ ਕੇ 6 ਕੌਮਾਂਤਰੀ ਹਵਾਈ ਅੱਡਿਆਂ- ਦਿੱਲੀ, ਮੁੰਬਈ, ਚੇਨਈ, ਕੋਲਕਾਤਾ, ਬੈਂਗਲੁਰੂ ਅਤੇ ਹੈਦਰਾਬਾਦ ਤੋਂ ਦੇਸ਼ ਵਿਚ ਐਂਟਰੀ ਕਰ ਸਕਦੇ ਹਨ। 

ਇਕ ਅਨੁਮਾਨ ਮੁਤਾਬਕ ਹਰ ਸਾਲ ਕਰੀਬ 2 ਲੱਖ ਭਾਰਤੀ ਵੀਜ਼ਾ ਦੱਖਣੀ ਕੋਰੀਆ ਦੇ ਨਾਗਰਿਕਾਂ ਨੂੰ ਦਿੱਤੇ ਜਾਂਦੇ ਹਨ, ਜਿਸ ਵਿਚੋਂ 80 ਫੀਸਦੀ ਸੈਲਾਨੀ ਹੁੰਦੇ ਹਨ। ਔਸਤਨ 600 ਦੱਖਣੀ ਕੋਰੀਆਈ ਨਾਗਰਿਕ ਹਰ ਦਿਨ ਦਿੱਲੀ ਆਉਂਦੇ ਹਨ। ਹਾਲਾਂਕਿ ਇਸ ਤੋਂ ਪਹਿਲਾਂ 'ਆਗਮਨ 'ਤੇ ਵੀਜ਼ਾ' ਸਹੂਲਤ ਦੀ ਪੇਸ਼ਕਸ਼ 12 ਦੇਸ਼ਾਂ-ਕੰਬੋਡੀਆ, ਫਿਨਲੈਂਡ, ਇੰਡੋਨੇਸ਼ੀਆ, ਜਾਪਾਨ, ਲਾਓਸ, ਲਕਜ਼ਮਬਰਗ, ਮਿਆਂਮਾਰ, ਨਿਊਜ਼ੀਲੈਂਡ, ਫਿਲਪੀਨ, ਸਿੰਗਾਪੁਰ, ਵਿਅਤਨਾਮ ਅਤੇ ਦੱਖਣੀ ਕੋਰੀਆ ਨੂੰ ਕੀਤੀ ਗਈ ਸੀ ਪਰ 'ਈ-ਟੂਰਿਸਟ ਵੀਜ਼ਾ' ਯੋਜਨਾ ਦੀ ਸ਼ੁਰੂਆਤ ਤੋਂ ਬਾਅਦ ਨਵੰਬਰ 2014 ਵਿਚ ਇਸ ਨੂੰ ਰੋਕ ਦਿੱਤਾ ਗਿਆ। 'ਈ-ਟੂਰਿਸਟ ਵੀਜ਼ਾ' ਸਹੂਲਤ 'ਚ ਹੁਣ 166 ਦੇਸ਼ ਸ਼ਾਮਲ ਹਨ ਅਤੇ ਵਿਦੇਸ਼ੀ ਨਾਗਰਿਕ ਸੈਰ-ਸਪਾਟਾ, ਵਪਾਰ, ਸਿਹਤ, ਡਾਕਟਰੀ ਅਤੇ ਸੰਮੇਲਨ ਦੇ ਉਦੇਸ਼ ਨਾਲ 72 ਘੰਟੇ ਦੇ ਅੰਦਰ ਆਨਲਾਈਨ ਵੀਜ਼ਾ ਪ੍ਰਾਪਤ ਕਰ ਸਕਦੇ ਹਨ।