ਕੌਮਾਂਤਰੀ ਸਰਹੱਦਾਂ ਖੁੱਲ੍ਹਣ ਮਗਰੋਂ ਨਵੰਬਰ ਮਹੀਨੇ ਦੁੱਗਣੇ ਤੋਂ ਵੱਧ ਭਾਰਤੀਆਂ ਨੇ ਵੀਜ਼ਾ ਲਈ ਕੀਤਾ ਅਪਲਾਈ

12/22/2021 3:30:08 PM

ਨਵੀਂ ਦਿੱਲੀ— ਕੋਰੋਨਾ ਦੇ ਨਵੇਂ ਵੇਰੀਐਂਟ ‘ਓਮੀਕਰੋਨ’ ਦੇ ਫੈਲਣ ਦੀ ਖ਼ਬਰ ਤੋਂ ਪਹਿਲਾਂ ਇਸ ਸਾਲ ਜਨਵਰੀ ਦੀ ਤੁਲਨਾ ’ਚ ਨਵੰਬਰ ਮਹੀਨੇ ਦੁੱਗਣੇ ਤੋਂ ਵੱਧ ਭਾਰਤੀਆਂ ਨੇ ਵੀਜ਼ਾ ਲਈ ਅਪਲਾਈ ਕੀਤਾ। ਵੀ. ਐੱਫ. ਐੱਸ. ਗਲੋਬਲ ਮੁਤਾਬਕ ਯਾਤਰਾ ਪਾਬੰਦੀਆਂ ’ਚ ਢਿੱਲ ਦੇ ਨਾਲ ਹੀ ਕੌਮਾਂਤਰੀ ਸਰਹੱਦਾਂ ਖੁੱਲ੍ਹਣ, ਟੀਕਾਕਰਨ ’ਚ ਵਾਧੇ ਨੂੰ ਵੇਖਦੇ ਹੋਏ ਭਾਰਤ ਤੋਂ ਵੀਜ਼ਾ ਬਿਨੈਕਾਰਾਂ ’ਚ ਵਾਧਾ ਹੋਇਆ ਹੈ। ਵੀ. ਐੱਫ. ਐੱਸ. ਗਲੋਬਲ ਨੇ ਕਿਹਾ ਕਿ 21 ਨਵੰਬਰ 2021 ਤੱਕ ਭਾਰਤ ਵਿਚ ਵੀਜ਼ਾ ਅਰਜ਼ੀਆਂ ਪ੍ਰਾਪਤ ਹੋਈਆਂ, ਜੋ ਜਨਵਰੀ 2021 ਦੇ ਮੁਕਾਬਲੇ ਦੁੱਗਣੇ ਤੋਂ ਵੀ ਵੱਧ ਹਨ। ਦਰਅਸਲ ਕੈਨੇਡਾ, ਯੂਰਪ, ਯੂ. ਕੇ. ਵਰਗੇ ਕੌਮਾਂਤਰੀ ਦੇਸ਼ਾਂ ਨੇ ਆਪਣੀਆਂ ਸਰਹੱਦਾਂ ਖੋਲ੍ਹੀਆਂ। ਜਿਸ ਤੋਂ ਬਾਅਦ ਵੱਡੀ ਗਿਣਤੀ ਵਿਚ ਭਾਰਤੀਆਂ ਨੇ ਵੀਜ਼ਾ ਲਈ ਅਪਲਾਈ ਕੀਤਾ। 
ਟਰੈਵਲ ਪੋਰਟਲ ਈਜ ਮਾਈ ਟਰਿੱਪ (ਈ. ਐੱਮ. ਟੀ.) ਨੇ ਕਿਹਾ ਕਿ ਅਜੇ ਵੀ ਲੋਕਾਂ ਵਲੋਂ ਵਿਦੇਸ਼ ਦੀ ਯਾਤਰਾ ਕਰਨ ਦੀ ਸੰਭਾਵਨਾ ਹੈ। ਜੋ ਲੋਕ ਓਮੀਕਰੋਨ ਦੇ ਡਰ ਕਾਰਨ ਅਜੇ ਯਾਤਰਾ ਨਹੀਂ ਕਰਨਾ ਚਾਹੁੰਦੇ, ਉਹ ਇਸ ਨੂੰ ਰੱਦ ਕਰਨ ਦੀ ਬਜਾਏ ਆਪਣੀ ਯਾਤਰਾ ਨੂੰ ਮੁਲਤਵੀ ਕਰ ਰਹੇ ਹਨ। ਈ. ਐੱਮ. ਟੀ. ਮੁਤਾਬਕ ਭਾਰਤੀਆਂ ਲਈ ਦੁਬਈ, ਮਾਲਦੀਵ, ਆਬੂ-ਧਾਬੀ ਸਭ ਤੋਂ ਪਸੰਦੀਦਾ ਥਾਂ ਹੈ, ਜਿੱਥੇ ਭਾਰਤੀਆਂ ਵਲੋਂ ਸਭ ਤੋਂ ਵੱਧ ਬੁਕਿੰਗ ਕੀਤੀ ਜਾ ਰਹੀ ਹੈ। 

ਵੀ. ਐੱਫ. ਐੱਸ. ਗਲੋਬਲ ਮੁਤਾਬਕ ਜੂਨ 2021 ਤੋਂ ਵੀਜ਼ਾ ਅਰਜ਼ੀਆਂ ’ਚ 3 ਗੁਣਾ ਵਾਧਾ ਵੇਖਿਆ ਗਿਆ। ਕਲੀਅਰ ਟਰਿੱਪ ਦੇ ਮੁੱਖ ਕਾਰੋਬਾਰੀ ਅਧਿਕਾਰੀ ਪ੍ਰਹਿਲਾਦ ਕ੍ਰਿਸ਼ਨਮੂਰਤੀ ਮੁਤਾਬਕ ਪਿਛਲੇ ਮਹੀਨੇ ਦੀ ਤੁਲਨਾ ’ਚ ਦਸੰਬਰ ’ਚ ਕੌਮਾਂਤਰੀ ਯਾਤਰਾ ਦੀ ਮੰਗ ’ਚ ਥੋੜ੍ਹੀ ਕਮੀ ਆਈ ਹੈ। ਕੋਰੋਨਾ ਦੇ ਨਵੇਂ ਵੈਰੀਐਂਟ ਕਾਰਨ ਸਥਿਤੀ ਅਸਥਿਰ ਬਣੀ ਹੋਈ ਹੈ ਪਰ ਉਦਯੋਗ ਦੇ ਮਾਹਰਾਂ ਮੁਤਾਬਕ ਯਾਤਰਾ ’ਤੇ ਪ੍ਰਭਾਵ ਵੇਖਣਾ ਅਜੇ ਜਲਦਬਾਜੀ ਹੋਵੇਗੀ।


Tanu

Content Editor

Related News