...ਆਖਿਰ ਪਹੁੰਚ ਹੀ ਗਈ ਡੇਰਾ ਸੱਚਾ ਸੌਦਾ ਦੀ ਚੇਅਰਪਰਸਨ ਵਿਪਾਸਨਾ ਪੁਲਸ ਕੋਲ

02/14/2018 4:32:30 PM

ਸਿਰਸਾ — ਸਿਰਸਾ ਐੱਸ.ਆਈ.ਟੀ. ਦੀ ਟੀਮ ਨੇ ਵਿਪਾਸਨਾ ਇੰਸਾ ਨੂੰ ਪੁੱਛਗਿੱਛ ਲਈ ਕਈ ਵਾਰ ਨੋਟਿਸ ਭੇਜਿਆ । ਇਸ ਦੇ ਬਾਵਜੂਦ ਵਿਪਾਸਨਾ ਪੁਲਸ ਟੀਮ ਕੋਲ ਪੁੱਛਗਿੱਛ ਲਈ ਨਹੀਂ ਪੁੱਜੀ। ਪੁਲਸ ਵਿਪਾਸਨਾ ਦੀ ਭਾਲ 'ਚ ਡੇਰਾ ਸੱਚਾ ਸੌਦਾ ਵਿਚ ਵੀ ਗਈ ਸੀ ਪਰ ਵਿਪਾਸਨਾ ਉਥੇ ਨਹੀਂ ਮਿਲੀ। ਪੁਲਸ ਨੇ ਵਿਪਾਸਨਾ ਦੀ ਭਾਲ ਲਈ ਪੰਜਾਬ ਸਮੇਤ ਕਈ ਥਾਵਾਂ 'ਤੇ ਛਾਪੇਮਾਰੀ ਵੀ ਕੀਤੀ ਸੀ, ਜਿਸ ਤੋਂ ਬਾਅਦ ਭਗੌੜੀ ਵਿਪਾਸਨਾ 'ਤੇ ਪੁਲਸ ਨੇ ਇਨਾਮ ਰੱਖਣ ਦੀ ਤਿਆਰੀ ਕਰ ਲਈ ਸੀ।
ਹੁਣ ਨੋਟਿਸ ਦੇ ਮਿਲਣ ਤੋਂ ਬਾਅਦ ਬੁੱਧਵਾਰ ਨੂੰ ਵਿਪਾਸਨਾ ਇੰਸਾ ਜਾਂਚ 'ਚ ਸ਼ਾਮਲ ਹੋਣ ਲਈ ਸਿਰਸਾ ਐੱਲ.ਪੀ. ਦਫਤਰ ਪਹੁੰਚ ਗਈ ਹੈ। ਫਿਲਹਾਲ ਸਿਰਸਾ ਐੱਸ.ਆਈ.ਟੀ. ਟੀਮ ਪੁੱਛਗਿੱਛ ਕਰ ਰਹੀ ਹੈ।
ਜ਼ਿਕਰਯੋਗ ਹੈ ਕਿ ਪੰਚਕੂਲਾ ਪੁਲਸ ਨੇ ਵਿਪਾਸਨਾ ਦੇ ਖਿਲਾਫ ਗ੍ਰਿਫਤਾਰੀ ਵਾਰੰਟ ਵੀ ਜਾਰੀ ਕੀਤੇ ਹੋਏ ਹਨ।  25 ਅਗਸਤ 2017 ਨੂੰ ਸਿਰਸਾ ਭੜਕੀ ਹਿੰਸਾ ਦੀ ਜਾਂਚ ਨੂੰ ਲੈ ਕੇ ਸਿਰਸਾ ਪੁਲਸ ਦੀ ਐੱਸ.ਆਈ.ਟੀ. ਟੀਮ ਨੇ ਡੇਰਾ ਸੱਚਾ ਸੌਦਾ ਦੀ ਚੇਅਰਪਰਸਨ ਨੂੰ ਨੋਟਿਸ ਭੇਜਿਆ ਸੀ। ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਨੂੰ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਭਾਰੀ ਹਿੰਸਾ ਹੋਈ ਸੀ। ਇਸ ਦੌਰਾਨ ਸਰਕਾਰੀ ਅਤੇ ਸਥਾਨਕ ਲੋਕਾਂ ਦੀ ਜਾਇਦਾਦ ਦਾ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ ਸੀ। ਕਈ ਲੋਕ ਮਾਰੇ ਗਏ ਸਨ। ਜਿਸਦੇ ਸਬੰਧ 'ਚ ਡੇਰੇ ਦੀ ਚੇਅਰਪਰਸਨ ਵਿਪਾਸਨਾ ਨੂੰ 15 ਫਰਵਰੀ ਤੱਕ ਪੁਲਸ ਜਾਂਚ ਲਈ ਪਹੁੰਚਣ ਲਈ ਨੋਟਿਸ ਭੇਜਿਆ ਸੀ।