ਅਜਬ-ਗਜ਼ਬ : ਦੇਸ਼ ਦਾ ਅਨੋਖਾ ਪਿੰਡ, ਜਿੱਥੇ ਰਹਿੰਦੇ ਹਨ ਸਿਰਫ਼ ਬੌਣੇ ਲੋਕ

03/22/2023 1:01:10 AM

ਗੁਹਾਟੀ (ਇੰਟ.) : ਦੁਨੀਆ ਭਰ ’ਚ ਬੌਣੇ ਲੋਕ ਮਿਲ ਜਾਣਗੇ ਪਰ ਕਿਸੇ ਪਿੰਡ ’ਚ ਸਿਰਫ਼ ਬੌਣਿਆਂ ਦਾ ਹੀ ਬਸੇਰਾ ਹੋਵੇ, ਅਜਿਹਾ ਸ਼ਾਇਦ ਹੀ ਕਿਤੇ ਮਿਲੇਗਾ ਪਰ ਅੱਜ ਅਸੀਂ ਤੁਹਾਨੂੰ ਭਾਰਤ ਦੇ ਇਕ ਅਜਿਹੇ ਪਿੰਡ ਬਾਰੇ ਦੱਸਣ ਜਾ ਰਹੇ ਹਾਂ, ਜਿਸ ਵਿੱਚ ਸਿਰਫ਼ ਬੌਣੇ ਲੋਕ ਹੀ ਰਹਿੰਦੇ ਹਨ। ਇਹ ਪਿੰਡ ਸਾਡੇ ਦੇਸ਼ ’ਚ ਹੀ ਮੌਜੂਦ ਹੈ। ਦਰਅਸਲ, ਅਸੀਂ ਗੱਲ ਕਰ ਰਹੇ ਹਾਂ ਅਸਾਮ ’ਚ ਸਥਿਤ ਅਮਾਰ ਪਿੰਡ ਬਾਰੇ। ਇਸ ਪਿੰਡ ’ਚ ਸਿਰਫ਼ 70 ਲੋਕ ਹੀ ਰਹਿੰਦੇ ਹਨ, ਜੋ ਸਾਰੇ ਬੌਣੇ ਹਨ। ਅਮਾਰ ਨਾਂ ਦਾ ਇਹ ਪਿੰਡ ਬੌਣਿਆਂ ਦੇ ਪਿੰਡ ਨਾਲ ਵੀ ਜਾਣਿਆ ਜਾਂਦਾ ਹੈ। ਇੱਥੇ ਸਾਰੇ ਲੋਕ ਇਕ-ਦੂਜੇ ਨਾਲ ਪਿਆਰ ਅਤੇ ਸਨਮਾਨ ਨਾਲ ਰਹਿੰਦੇ ਹਨ। ਇਹ ਪਿੰਡ ਭੂਟਾਨ ਦੀ ਸਰਹੱਦ ਤੋਂ 3-4 ਕਿਲੋਮੀਟਰ ਹੀ ਪਹਿਲਾਂ ਪੈਂਦਾ ਹੈ।

ਇਹ ਵੀ ਪੜ੍ਹੋ : ਭੂਚਾਲ ਦੇ ਤੇਜ਼ ਝਟਕਿਆਂ ਨਾਲ ਦਿੱਲੀ ਦੇ ਸ਼ਕਰਪੁਰ 'ਚ ਝੁਕੀ ਬਹੁਮੰਜ਼ਿਲਾ ਇਮਾਰਤ

ਅਜਿਹਾ ਕਿਹਾ ਜਾਂਦਾ ਹੈ ਕਿ ਸਾਲ 2011 ’ਚ ਨੈਸ਼ਨਲ ਸਕੂਲ ਆਫ਼ ਡਰਾਮਾ ਦੇ ਕਲਾਕਾਰ ਪਵਿੱਤਰ ਰਾਭਾ ਨੇ ਇਸ ਪਿੰਡ ਨੂੰ ਵਸਾਇਆ ਸੀ। ਇੱਥੋਂ ਦੇ ਕਿਸੇ ਵੀ ਵਿਅਕਤੀ ਦੀ ਲੰਬਾਈ ਸਾਢੇ 3 ਫੁੱਟ ਤੋਂ ਵੱਧ ਨਹੀਂ ਹੈ। ਇਸ ਪਿੰਡ ’ਚ ਕੋਈ ਆਪਣੀ ਇੱਛਾ ਨਾਲ ਰਹਿਣ ਆਇਆ ਹੈ ਅਤੇ ਕਿਸੇ ਦਾ ਪਰਿਵਾਰ ਉਨ੍ਹਾਂ ਨੂੰ ਇੱਥੇ ਛੱਡ ਕੇ ਚਲਾ ਗਿਆ ਪਰ ਜੋ ਵੀ ਲੋਕ ਇੱਥੇ ਰਹਿੰਦੇ ਹਨ, ਉਹ ਕਾਫੀ ਖੁਸ਼ ਰਹਿੰਦੇ ਹਨ ਤੇ ਆਪਣੇ ਜੀਵਨ ਤੋਂ ਵੀ ਉਨ੍ਹਾਂ ਨੂੰ ਕੋਈ ਸ਼ਿਕਾਇਤ ਨਹੀਂ ਹੈ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਲੰਡਨ ’ਚ ਭਾਰਤੀ ਹਾਈ ਕਮਿਸ਼ਨ ਤੋਂ ਤਿਰੰਗਾ ਉਤਾਰਨ ਵਾਲਾ ਅਵਤਾਰ ਸਿੰਘ ਖੰਡਾ ਗ੍ਰਿਫ਼ਤਾਰ

ਇਹ ਸਾਰੇ ਲੋਕ ਇਕ ਥੀਏਟਰ ਗਰੁੱਪ ਵਿੱਚ ਕੰਮ ਕਰਦੇ ਹਨ। ਉਹ ਅਸਾਮ ਸਮੇਤ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਪ੍ਰਦਰਸ਼ਨ ਕਰਦੇ ਹਨ। ਇਸ ਪਿੱਛੇ ਪਵਿੱਤਰ ਰਾਭਾ ਦੀ ਕੋਸ਼ਿਸ਼ ਹੈ ਕਿ ਲੋਕ ਸਮਝ ਲੈਣ ਕਿ ਇਹ ਲੋਕ ਵੀ ਆਮ ਲੋਕਾਂ ਵਾਂਗ ਹਨ। ਬਸ, ਉਨ੍ਹਾਂ ਦਾ ਕੱਦ ਬਾਕੀਆਂ ਨਾਲੋਂ ਛੋਟਾ ਹੈ। ਲੋਕਾਂ ਨੂੰ ਉਨ੍ਹਾਂ ਨੂੰ ਬੌਣਾ ਕਹਿਣ ਦੀ ਬਜਾਏ ਉਨ੍ਹਾਂ ਦੇ ਨਾਂ ਨਾਲ ਹੀ ਪੁਕਾਰਨਾ ਚਾਹੀਦਾ ਹੈ। ਅੱਜ ਇਸ ਪਿੰਡ ਵਿੱਚ ਰਹਿਣ ਵਾਲੇ ਛੋਟੇ-ਛੋਟੇ ਲੋਕ ਬੜੇ ਮਸਤੀ ਨਾਲ ਜ਼ਿੰਦਗੀ ਬਤੀਤ ਕਰ ਰਹੇ ਹਨ। ਇਹ ਲੋਕ ਦਿਨ ਵੇਲੇ ਖੇਤੀ ਕਰਦੇ ਹਨ ਅਤੇ ਸ਼ਾਮ ਨੂੰ ਰੰਗਮੰਚ ਦੇ ਕਲਾਕਾਰਾਂ ਵਾਂਗ ਨਜ਼ਰ ਆਉਣ ਲੱਗਦੇ ਹਨ। ਇੱਥੇ ਲਗਭਗ ਹਰ ਰਾਤ ਨਾਟਕ ਹੁੰਦੇ ਹਨ। ਆਸ-ਪਾਸ ਦੇ ਲੋਕ ਵੀ ਇਸ ਨਾਟਕ ਮੰਡਲੀ ਦੇ ਨਾਟਕ ਦੇਖਣ ਆਉਂਦੇ ਹਨ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

Mukesh

This news is Content Editor Mukesh