ਵਿਕਾਸ ਚੌਧਰੀ ਕਤਲਕਾਂਡ : ਸੀ. ਐੱਮ. ਖੱਟੜ ਬੋਲੇ- ''ਮੈਨੂੰ ਇਸ ਦੀ ਜਾਣਕਾਰੀ ਨਹੀਂ''

06/27/2019 6:05:57 PM

ਫਰੀਦਾਬਾਦ— ਹਰਿਆਣਾ ਦੇ ਫਰੀਦਾਬਾਦ ਵਿਚ ਦਿਨ-ਦਿਹਾੜੇ ਕਾਂਗਰਸ ਬੁਲਾਰੇ ਵਿਕਾਸ ਚੌਧਰੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਪਰ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੂੰ ਇਸ ਦੀ ਕੋਈ ਜਾਣਕਾਰ ਨਹੀਂ ਹੈ। ਪੱਤਰਕਾਰਾਂ ਨੇ ਜਦੋਂ ਇਸ ਮਾਮਲੇ ਨੂੰ ਲੈ ਕੇ ਮੁੱਖ ਮੰਤਰੀ ਖੱਟੜ ਨੂੰ ਸਵਾਲ ਕੀਤਾ ਤਾਂ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਦੀ ਅਜੇ ਕੋਈ ਜਾਣਕਾਰੀ ਨਹੀਂ ਹੈ। ਇੱਥੇ ਦੱਸ ਦੇਈਏ ਕਿ ਫਰੀਦਾਬਾਦ ਦੈ ਸੈਕਟਰ-9 ਦੀ ਮਾਰਕੀਟ 'ਚ ਵੀਰਵਾਰ ਯਾਨੀ ਕਿ ਅੱਜ ਦਿਨ-ਦਿਹਾੜੇ ਇਹ ਘਟਨਾ ਵਾਪਰੀ। ਵਿਕਾਸ ਚੌਧਰੀ 'ਤੇ ਗੋਲੀਬਾਰੀ ਉਸ ਸਮੇਂ ਹੋਈ ਜਦੋਂ ਉਹ ਸੈਕਟਰ-9 ਸਥਿਤ ਪੀ. ਐੱਚ. ਸੀ. ਜਿਮ ਦੇ ਬਾਹਰ ਆਪਣੀ ਕਾਰ ਨੂੰ ਪਾਰਕ ਕਰ ਰਹੇ ਸਨ। 


ਹਮਲਾਵਰ ਘਟਨਾ ਨੂੰ ਅੰਜ਼ਾਮ ਦੇਣ ਲਈ ਸਫੈਦ ਰੰਗ ਦੀ ਗੱਡੀ ਵਿਚ ਆਏ ਸਨ। ਪੁਲਸ ਮੁਤਾਬਕ ਵਿਕਾਸ 'ਤੇ ਕਰੀਬ 12 ਤੋਂ 15 ਗੋਲੀਆਂ ਵਰ੍ਹਾਈਆਂ ਗਈਆਂ। ਘਟਨਾ ਵਾਲੀ ਥਾਂ 'ਤੇ 12 ਗੋਲੀਆਂ ਦੇ ਖੋਖੇ ਮਿਲੇ ਹਨ। ਸੀ. ਸੀ. ਟੀ. ਵੀ. ਫੁਟੇਜ ਵਿਚ ਹਮਲਾਵਰ ਨਜ਼ਰ ਆ ਰਹੇ ਹਨ। ਏ. ਸੀ. ਪੀ. ਜੈਬੀਰ ਰਾਠੀ ਨੇ ਦੱਸਿਆ ਕਿ ਮਾਮਲੇ ਨੂੰ ਦੇਖ ਕੇ ਲੱਗਦਾ ਹੈ ਕਿ ਹੱਤਿਆ ਦੀ ਸਾਜਿਸ਼ ਕਾਫੀ ਪਹਿਲਾਂ ਰਚੀ ਗਈ ਸੀ। ਇੰਨਾ ਹੀ ਨਹੀਂ ਇਸ ਲਈ ਰੇਕੀ ਵੀ ਕੀਤੀ ਗਈ ਹੋਵੇਗੀ ਕਿਉਂਕਿ ਵਿਕਾਸ ਚੌਧਰੀ ਦੇ ਜਿਮ ਆਉਣ ਦੀ ਗੱਲ ਕਾਤਲਾਂ ਨੂੰ ਪਹਿਲਾਂ ਤੋਂ ਹੀ ਪਤਾ ਸੀ।  ਉਹ ਖੁਦ ਕਾਰ ਚਲਾ ਕੇ ਜਿਮ ਪਹੁੰਚੇ ਸਨ, ਉਨ੍ਹਾਂ ਨਾਲ ਕੋਈ ਨਹੀਂ ਸੀ। ਗੋਲੀਆਂ ਉਨ੍ਹਾਂ ਦੀ ਗਰਦਨ ਅਤੇ ਛਾਤੀ 'ਤੇ ਮਾਰੀਆਂ ਗਈਆਂ। ਹੱਤਿਆ ਦੀ ਇਹ ਪੂਰੀ ਵਾਰਦਾਤ ਸੀ. ਸੀ. ਟੀ. ਵੀ. 'ਚ ਕੈਦ ਹੋ ਗਈ ਹੈ। ਪੁਲਸ ਜਿਮ ਦੇ ਬਾਹਰ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਮਦਦ ਨਾਲ ਹਮਲਾਵਰਾਂ ਦੀ ਪਛਾਣ ਵਿਚ ਜੁਟ ਗਈ ਹੈ। 

Tanu

This news is Content Editor Tanu