ਬਜਰੰਗ ਦਲ ਖਿਲਾਫ ‘ਅਪਮਾਨਜਨਕ’ ਟਿੱਪਣੀ ਲਈ ਖੜਗੇ ਨੂੰ ਨੋਟਿਸ

05/07/2023 12:41:11 PM

ਨਵੀਂ ਦਿੱਲੀ, (ਭਾਸ਼ਾ)- ਵਿਸ਼ਵ ਹਿੰਦੂ ਪ੍ਰੀਸ਼ਦ (ਵਿਹਿਪ) ਨੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ’ਤੇ ਆਪਣੀ ਪਾਰਟੀ ਦੇ ਕਰਨਾਟਕ ਚੋਣ ਮੈਨੀਫੈਸਟੋ ’ਚ ਬਜਰੰਗ ਦਲ ਖਿਲਾਫ ਅਪਮਾਨਜਨਕ ਟਿੱਪਣੀਆਂ ਕਰਨ ਦਾ ਦੋਸ਼ ਲਾਉਂਦਿਆਂ ਉਨ੍ਹਾਂ ਕਾਨੂੰਨੀ ਨੋਟਿਸ ਜਾਰੀ ਕੀਤਾ ਹੈ। ਇਸ ਦੇ ਨਾਲ ਹੀ 100 ਕਰੋੜ ਰੁਪਏ ਦਾ ਹਰਜਾਨਾ ਮੰਗਿਆ ਹੈ। ਵਿਹਿਪ ਦੀ ਚੰਡੀਗੜ੍ਹ ਇਕਾਈ ਅਤੇ ਉਸ ਦੀ ਯੁਵਾ ਸ਼ਾਖਾ ਬਜਰੰਗ ਦਲ ਨੇ 4 ਮਈ ਨੂੰ ਨੋਟਿਸ ਜਾਰੀ ਕਰ ਕੇ 14 ਦਿਨਾਂ ਦੇ ਅੰਦਰ ਹਰਜਾਨੇ ਦੀ ਮੰਗ ਕੀਤੀ ਹੈ। ਇਸ ਸਬੰਧ ’ਚ ਭੇਜੇ ਗਏ ਸਵਾਲਾਂ ’ਤੇ ਕਾਂਗਰਸ ਵੱਲੋਂ ਤੁਰੰਤ ਕੋਈ ਪ੍ਰਤੀਕਿਰਿਆ ਨਹੀਂ ਮਿਲੀ ਹੈ।

ਕਰਨਾਟਕ ’ਚ 10 ਮਈ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਆਪਣੇ ਚੋਣ ਮਨੋਰਥ ਪੱਤਰ ’ਚ ਕਾਂਗਰਸ ਨੇ ਕਿਹਾ ਕਿ ਉਹ ਜਾਤੀ ਅਤੇ ਧਰਮ ਦੇ ਨਾਂ ’ਤੇ ਭਾਈਚਾਰਿਆਂ ’ਚ ਨਫਰਤ ਫੈਲਾਉਣ ਵਾਲੇ ਵਿਅਕਤੀਆਂ ਅਤੇ ਸੰਗਠਨਾਂ ਵਰਗੇ ਬਜਰੰਗ ਦਲ ਅਤੇ ‘ਪਾਪੂਲਰ ਫਰੰਟ ਆਫ ਇੰਡੀਆ’ (ਪੀ. ਐੱਫ. ਆਈ.) ਖਿਲਾਫ ਠੋਸ ਅਤੇ ਨਿਰਣਾਇਕ ਕਾਰਵਾਈ ਕਰਨ ਲਈ ਵਚਨਬੱਧ ਹੈ। ਪਾਰਟੀ ਨੇ ਵਾਅਦਾ ਕੀਤਾ ਕਿ ਕਾਰਵਾਈ ’ਚ ਅਜਿਹੀਆਂ ਜਥੇਬੰਦੀਆਂ ਖਿਲਾਫ ‘ਪਾਬੰਦੀਆਂ’ ਸ਼ਾਮਲ ਕੀਤੀਆਂ ਜਾਣਗੀਆਂ। ਵਿਹਿਪ ਦੇ ਵਕੀਲ ਨੇ ਖੜਗੇ ਨੂੰ ਕਾਨੂੰਨੀ ਨੋਟਿਸ ਜਾਰੀ ਹੋਣ ਦੇ 14 ਦਿਨਾਂ ਦੇ ਅੰਦਰ ਵਿਹਿਪ ਅਤੇ ਬਜਰੰਗ ਦਲ ਨੂੰ ਕੁੱਲ 100 ਕਰੋੜ ਰੁਪਏ ਦਾ ਹਰਜਾਨਾ ਦੇਣ ਦੀ ਸਲਾਹ ਦਿੱਤੀ।

Rakesh

This news is Content Editor Rakesh