ਜੈਪੁਰ ’ਚ ਈ.ਡੀ. ਦੇ ਸਾਹਮਣੇ ਅੱਜ ਫਿਰ ਪੇਸ਼ ਹੋਣਗੇ ਵਢੇਰਾ

02/12/2019 1:11:06 AM

ਨਵੀਂ ਦਿੱਲੀ/ਜੈਪੁਰ– ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਜੀਜਾ ਰਾਬਰਟ ਵਢੇਰਾ ਰਾਜਸਥਾਨ ਦੇ ਬੀਕਾਨੇਰ ਵਿਚ ਇਕ ਕਥਿਤ ਜ਼ਮੀਨ ਘਪਲੇ ਦੀ ਜਾਂਚ ਦੇ ਸਿਲਸਿਲੇ ਵਿਚ ਮੰਗਲਵਾਰ ਨੂੰ ਜੈਪੁਰ ਵਿਚ ਐਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਦੇ ਸਾਹਮਣੇ ਪੇਸ਼ ਹੋਣਗੇ। ਵਢੇਰਾ ਦੀ ਮਾਂ ਮੋਰੀਨ ਵੀ ਮੰਗਲਵਾਰ ਨੂੰ ਜੈਪੁਰ ਦੇ ਭਵਾਨੀ ਸਿੰਘ ਰੋਡ ਸਥਿਤ ਈ. ਡੀ. ਦੇ ਖੇਤਰੀ ਦਫਤਰ ਵਿਚ ਸਵੇਰੇ 10 ਵਜੇ ਪੇਸ਼ ਹੋਵੇਗੀ। ਵਢੇਰਾ ਅਤੇ ਉਨ੍ਹਾਂ ਦੀ ਮਾਂ ਸੋਮਵਾਰ ਦੁਪਹਿਰ ਜੈਪੁਰ ਹਵਾਈ ਅੱਡੇ ’ਤੇ ਪਹੁੰਚੇ। ਈ. ਡੀ. ਸਾਹਮਣੇ ਇਹ ਵਢੇਰਾ ਦੀ ਚੌਥੀ ਪੇਸ਼ੀ ਹੋਵੇਗੀ।

ਪਿਛਲੇ 3 ਮੌਕਿਆਂ ’ਤੇ ਉਹ ਨਾਜਾਇਜ਼ ਢੰਗ ਨਾਲ ਵਿਦੇਸ਼ ’ਚ ਜਾਇਦਾਦ ਖਰੀਦਣ ਵਿਚ ਆਪਣੀ ਕਥਿਤ ਭੂਮਿਕਾ ਲਈ ਆਪਣੇ ਵਿਰੁੱਧ ਚੱਲ ਰਹੀ ਮਨੀ ਲਾਂਡਰਿੰਗ ਮਾਮਲੇ ਦੀ ਜਾਂਚ ਦੇ ਸਿਲਸਿਲੇ ਵਿਚ ਦਿੱਲੀ ਵਿਚ ਈ. ਡੀ. ਦੇ ਸਾਹਮਣੇ ਪੇਸ਼ ਹੋਏ। ਰਾਜਸਥਾਨ ਹਾਈ ਕੋਰਟ ਨੇ ਵਢੇਰਾ ਅਤੇ ਉਨ੍ਹਾਂ ਦੀ ਮਾਂ ਨੂੰ ਈ. ਡੀ. ਵਲੋਂ ਕੀਤੀ ਜਾ ਰਹੀ ਜਾਂਚ ’ਚ ਸਹਿਯੋਗ ਕਰਨ ਲਈ ਕਿਹਾ ਸੀ। ਜਾਂਚ ਅਧਿਕਾਰੀ (ਆਈ. ਓ.) ਮਨੀ ਲਾਂਡਰਿੰਗ ਰੋਕਥਾਮ ਕਾਨੂੰਨ (ਪੀ. ਐੱਮ. ਐੱਲ. ਏ.) ਦੇ ਤਹਿਤ ਵਢੇਰਾ ਅਤੇ ਉਨ੍ਹਾਂ ਦੀ ਮਾਂ ਦਾ ਬਿਆਨ ਦਰਜ ਕਰਨਗੇ।

ਬੀਕਾਨੇਰ ਵਾਲੇ ਮਾਮਲੇ ਵਿਚ ਈ. ਡੀ. ਨੇ ਵਢੇਰਾ ਨੂੰ 3 ਵਾਰ ਤਲਬ ਕੀਤਾ ਸੀ ਪਰ ਉਹ ਪੇਸ਼ ਨਹੀਂ ਹੋਏ ਅਤੇ ਅਖੀਰ ਅਦਾਲਤ ਦੀ ਸ਼ਰਨ ਵਿਚ ਗਏ। ਬੀਕਾਨੇਰ ਦੇ ਤਹਿਸੀਲਦਾਰ ਵਲੋਂ ਭਾਰਤ-ਪਾਕਿ ਸਰਹੱਦ ਹੋਣ ਦੇ ਕਾਰਨ ਨਾਜ਼ੁਕ ਇਲਾਕੇ ਵਿਚ ਜ਼ਮੀਨ ਅਲਾਟਮੈਂਟ ਵਿਚ ਕਥਿਤ ਫਰਜ਼ੀਵਾੜੇ ਦੀ ਸ਼ਿਕਾਇਤ ’ਤੇ ਮਾਮਲਾ ਦਰਜ ਹੋਇਆ ਸੀ। ਈ. ਡੀ. ਵਢੇਰਾ ਨਾਲ ਕਥਿਤ ਤੌਰ ’ਤੇ ਜੁੜੀ ਕੰਪਨੀ ਮੈਸਰਜ਼ ਸਕਾਈਲਾਈਟ ਹਾਸਪਿਟੈਲਿਟੀ ਪ੍ਰਾਈਵੇਟ ਲਿਮਟਿਡ ਦੇ ਕੰਮਕਾਜ ਬਾਰੇ ਪੁੱਛਗਿੱਛ ਕਰਨਾ ਚਾਹੁੰਦੀ ਹੈ। ਇਸ ਕੰਪਨੀ ਨੇ ਇਲਾਕੇ ਵਿਚ ਜ਼ਮੀਨ ਖਰੀਦੀ ਸੀ।