ਉਤਰਾਖੰਡ ''ਚ ਕੁਦਰਤ ਨੇ ਫਿਰ ਮਚਾਈ ਤਬਾਹੀ, ਲੋਕਾਂ ਨੂੰ ਯਾਦ ਆਇਆ 2013 ਦਾ ਭਿਆਨਕ ਮੰਜ਼ਰ

02/07/2021 6:16:52 PM

ਨੈਸ਼ਨਲ ਡੈਸਕ- ਉਤਰਾਖੰਡ 'ਚ ਇਕ ਵਾਰ ਫਿਰ ਤੋਂ ਕੁਦਰਤ ਦਾ ਕਹਿਰ ਦੇਖਣ ਨੂੰ ਮਿਲਿਆ ਹੈ। ਚਮੋਲੀ ਜ਼ਿਲ੍ਹੇ 'ਚ ਗਲੇਸ਼ੀਅਰ ਟੁੱਟਣ ਨਾਲ ਸੂਬੇ 'ਚ ਭਾਰੀ ਤਬਾਹੀ ਦੇਖਣ ਨੂੰ ਮਿਲ ਰਹੀ ਹੈ। ਇਸ ਤਬਾਹੀ ਨੇ ਲੋਕਾਂ ਨੂੰ 2013 'ਚ ਕੇਦਾਰਨਾਥ 'ਚ ਆਏ ਹੜ੍ਹ ਦੀ ਯਾਦ ਦਿਵਾ ਦਿੱਤੀ। ਉਤਰਾਖੰਡ ਦੇ ਚਮੋਲੀ ਜ਼ਿਲ੍ਹੇ 'ਚ ਰਿਸ਼ੀ ਗੰਗਾ ਘਾਟੀ 'ਚ ਐਤਵਾਰ ਨੂੰ ਗਲੇਸ਼ੀਅਰ ਦੇ ਟੁੱਟਣ ਨਾਲ ਅਲਕਨੰਦਾ ਅਤੇ ਇਸ ਦੀਆਂ ਸਹਾਇਕ ਨਦੀਆਂ 'ਚ ਅਚਾਨਕ ਭਿਆਨਕ ਹੜ੍ਹ ਆ ਗਿਆ। ਸੂਬੇ ਦੇ ਆਫ਼ਤ ਰਿਸਪਾਂਸ ਫ਼ੋਰਸ ਦੀ ਡੀ.ਆਈ.ਜੀ. ਰਿਧਿਮ ਅਗਰਵਾਲ ਨੇ ਦੱਸਿਆ ਕਿ ਰਿਸ਼ੀ ਗੰਗਾ ਊਰਜਾ ਪ੍ਰਾਜੈਕਟ 'ਚ ਕੰਮ ਕਰਨ ਵਾਲੇ 150 ਤੋਂ ਵੱਧ ਮਜ਼ਦੂਰ ਇਸ ਕੁਦਰਤੀ ਆਫ਼ਤ ਤੋਂ ਸਿੱਧੇ ਤੌਰ 'ਤੇ ਪ੍ਰਭਾਵਿਤ ਹੋਏ ਹਨ। ਉਤਰਾਖੰਡ ਪੁਲਸ ਅਤੇ ਸੂਬੇ ਦੇ ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਰਾਵਤ ਨੇ ਲੋਕਾਂ ਨੂੰ ਸ਼ਾਂਤ ਰਹਿਣ ਅਤੇ ਆਪਣਾ ਤੇ ਆਪਣਿਆਂ ਦਾ ਧਿਆਨ ਰੱਖਣ ਦੀ ਅਪੀਲ ਕੀਤੀ ਹੈ। ਦੇਵਭੂਮੀ ਉਤਰਾਖੰਡ ਪਹਿਲੀ ਵਾਰ ਅਜਿਹੀ ਆਫ਼ਤ ਦਾ ਸਾਹਮਣਾ ਨਹੀਂ ਕਰ ਰਹੀ ਹੈ। ਇਸ ਤੋਂ ਪਹਿਲਾਂ ਸਾਲ 2013 'ਚ ਹੋਈ ਤਬਾਹੀ ਨੇ ਭਾਰਤ ਹੀ ਨਹੀਂ ਪੂਰੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਸੀ।

2013 ਦਾ ਦਿਲ ਦਹਿਲਾਉਣ ਵਾਲਾ ਮੰਜ਼ਰ
ਸਾਲ 2013 ਦੇ ਜੂਨ ਦੇ ਮਹੀਨੇ 'ਚ ਮੋਹਲੇਧਾਰ ਮੀਂਹ ਕਾਰਨ ਹੜ੍ਹ ਆ ਗਿਆ  ਸੀ, ਜਿਸ ਕਾਰਨ ਕੁਦਰਤ ਦਾ ਭਿਆਨਕ ਰੂਪ ਦੇਖਣ ਨੂੰ ਮਿਲਿਆ ਸੀ। ਰੁਦਰਪ੍ਰਯਾਗ ਤੋਂ ਲੈ ਕੇ ਕੇਦਾਰਨਾਥ ਤੱਕ ਅਜਿਹੀ ਤਬਾਹੀ ਫ਼ੈਲੀ ਸੀ ਕਿ ਜਦੋਂ ਤਸਵੀਰਾਂ ਸਾਹਮਣੇ ਆਈਆਂ ਤਾਂ ਹਰ ਕੋਈ ਦਹਿਲ ਗਿਆ ਸੀ। ਕਈ ਲੋਕ ਆਪਣਿਆਂ ਤੋਂ ਵਿਛੜ ਗਏ ਸਨ। ਮੰਜ਼ਰ ਅਜਿਹਾ ਸੀ ਕਿ ਲੋਕਾਂ ਨੂੰ ਆਪਣਿਆਂ ਦੀਆਂ ਲਾਸ਼ਾਂ ਤੱਕ ਦੇਖਣੀਆਂ ਨਸੀਬ ਨਹੀਂ ਹੋਈਆਂ ਸਨ। 16 ਅਤੇ 17 ਜੂਨ 2013 'ਚ ਕੇਦਾਰਨਾਥ ਤੋਂ ਆਈ ਆਫ਼ਤ 'ਚ ਕਈ ਲੋਕਾਂ ਦੀ ਜਾਨ ਚੱਲੀ ਗਈ ਸੀ। ਮੰਦਾਨਕਿਨੀ 'ਚ ਅਚਾਨਕ ਆਏ ਹੜ੍ਹ ਕਾਰਨ ਹਜ਼ਾਰਾਂ ਸ਼ਰਧਾਲੂ ਸੋਨਪ੍ਰਯਾਗ 'ਚ ਫਸ ਗਏ ਸਨ। ਪੁਲ ਟੁੱਟ ਗਏ ਸਨ ਅਤੇ ਸੜਕਾਂ ਤੱਕ ਨੁਕਸਾਨੀਆਂ ਗਈਆਂ ਸਨ। ਇਸ ਆਫ਼ਤ ਤੋਂ ਨਿਕਲ ਪਾਉਣਾ ਲੋਕਾਂ ਲਈ ਮੁਸ਼ਕਲ ਹੋ ਗਿਆ ਸੀ। ਕਈ ਲੋਕ ਤਾਂ ਪਹਾੜਾਂ 'ਤੇ ਫਸ ਗਏ ਸਨ। 

ਇਸ ਆਫ਼ਤ ਦੀ ਘੜੀ 'ਚ ਪੂਰਾ ਦੇਸ਼ ਇਕ ਹੋ ਗਿਆ ਸੀ
ਏਅਰਫੋਰਸ ਨੇ ਉਦੋਂ ਰੈਸਕਿਊ ਕਰ ਕੇ ਕਈ ਲੋਕਾਂ ਨੂੰ ਬਚਾਇਆ ਸੀ। ਇਸ ਆਫ਼ਤ ਦੀ ਘੜੀ 'ਚ ਪੂਰਾ ਦੇਸ਼ ਇਕ ਹੋ ਗਿਆ ਸੀ। ਦੇਸ਼ ਭਰ ਤੋਂ ਖਾਣ ਦਾ ਸਾਮਾਨ ਅਤੇ ਹੋਰ ਜ਼ਰੂਰੀ ਚੀਜ਼ਾਂ, ਦਵਾਈਆਂ ਆਦਿ ਕੇਦਾਰਨਾਥ ਪਹੁੰਚਾਈਆਂ ਜਾਂਦੀਆਂ ਸਨ। ਕੇਦਾਰਨਾਥ ਦੀ ਆਫ਼ਤ ਵਿਦੇਸ਼ੀ ਮੀਡੀਆ ਦੇ ਵੀ ਕਵਰ ਪੇਜ਼ 'ਤੇ ਸੀ। ਆਈ.ਟੀ.ਬੀ.ਪੀ. ਦੇ ਜਵਾਨਾਂ ਨੇ ਦਿਨ-ਰਾਤ ਇਕ ਕਰ ਕੇ ਪੀੜਤਾਂ ਦੀ ਮਦਦ ਕੀਤੀ ਸੀ ਅਤੇ ਵਿਦੇਸ਼ਾਂ 'ਚ ਵੀ ਉਨ੍ਹਾਂ ਦੇ ਕੰਮ ਦੀ ਪ੍ਰਸ਼ੰਸਾ ਹੋਈ ਸੀ। ਸਾਲ 2014 'ਚ ਜਦੋਂ ਕੇਂਦਰ 'ਚ ਮੋਦੀ ਸਰਕਾਰ ਆਈ ਤਾਂ ਕੇਦਾਰਨਾਥ ਦੇ ਵਿਕਾਸ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਈ ਕਸਰ ਨਹੀਂ ਛੱਡੀ।

DIsha

This news is Content Editor DIsha