ਉੱਤਰਾਖੰਡ ਤ੍ਰਾਸਦੀ: ਸੁਰੰਗ ’ਚ ਫਸੇ ਲੋਕਾਂ ਨੂੰ ਕੱਢਣ ਲਈ ਜੰਗੀ ਪੱਧਰ ’ਤੇ ਕੰਮ ਜਾਰੀ, ਮਿ੍ਰਤਕਾਂ ਦੀ ਗਿਣਤੀ ਵਧੀ

02/09/2021 5:49:19 PM

ਚਮੋਲੀ— ਉੱਤਰਾਖੰਡ ਦੇ ਚਮੋਲੀ ਜ਼ਿਲ੍ਹੇ ’ਚ ਆਈ ਆਫ਼ਤ ’ਚ ਮਰਨ ਵਾਲਿਆਂ ਦੀ ਗਿਣਤੀ ਮੰਗਲਵਾਰ ਨੂੰ 31 ਤੱਕ ਪਹੁੰਚ ਗਈ ਹੈ, ਜਦਕਿ ਐੱਨ. ਟੀ. ਪੀ. ਸੀ. ਦੀ ਨੁਕਸਾਨੀ ਗਈ ਤਪੋਵਨ-ਵਿਸ਼ਣੂਗਾਡ ਜਲ ਬਿਜਲੀ ਪ੍ਰਾਜੈਕਟ ਦੀ ਸੁਰੰਗ ਵਿਚ ਫਸੇ 35 ਲੋਕਾਂ ਨੂੰ ਬਾਹਰ ਕੱਢਣ ਲਈ ਫ਼ੌਜ ਸਮੇਤ ਕਈ ਏਜੰਸੀਆਂ ਦਾ ਸਾਂਝਾ ਬਚਾਅ ਅਤੇ ਰਾਹਤ ਕੰਮ ਜੰਗੀ ਪੱਧਰ ’ਤੇ ਜਾਰੀ ਹੈ। ਇੱਥੇ ਸੂੂਬਾਈ ਐਮਰਜੈਂਸੀ ਪਰਿਚਾਲਣ ਕੇਂਦਰ ਤੋਂ ਮਿਲੀ ਤਾਜ਼ਾ ਜਾਣਕਾਰੀ ਮੁਤਾਬਕ ਆਫ਼ਤ ਤੋਂ ਪੀੜਤ ਖੇਤਰ ਵਿਚ ਵੱਖ-ਵੱਖ ਥਾਵਾਂ ਤੋਂ ਕੁੱਲ 31 ਲਾਸ਼ਾਂ ਬਰਾਮਦ ਹੋ ਚੁੱਕੀਆਂ ਹਨ, ਜਦਕਿ 175 ਹੋਰ ਲਾਪਤਾ ਹਨ। 

ਐਤਵਾਰ ਯਾਨੀ ਕਿ 7 ਫਰਵਰੀ ਨੂੰ ਰਿਸ਼ੀਗੰਗਾ ਘਾਟੀ ’ਚ ਪਹਾੜ ਤੋਂ ਡਿੱਗੀ ਲੱਖ ਮੀਟ੍ਰਿਕ ਟਨ ਬਰਫ਼ ਕਾਰਨ ਰਿਸ਼ੀਗੰਗਾ ਅਤੇ ਧੌਲੀਗੰਗਾ ਨਦੀਆਂ ਵਿਚ ਅਚਾਨਕ ਹੜ੍ਹ ਤੋਂ ਬਾਅਦ ਤਬਾਹੀ ਮਚ ਗਈ। ਇਸ ਆਫ਼ਤ ਮਗਰੋਂ ਫ਼ੌਜ, ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ (ਐੱਨ. ਡੀ. ਆਰ. ਐੱਫ.), ਇੰਡੋ-ਤਿੱਬਤੀ ਬਾਰਡਰ ਪੁਲਸ (ਆਈ. ਟੀ. ਬੀ. ਪੀ.) ਅਤੇ ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ (ਐੱਸ. ਡੀ. ਆਰ. ਐੱਫ.) ਦੇ ਜਵਾਨ ਇਸ ਬਚਾਅ ਅਤੇ ਰਾਹਤ ਕੰਮ ’ਚ ਜੁੱਟੇ ਹੋਏ ਹਨ।

ਇਸ ਦਰਮਿਆਨ ਆਫ਼ਤ ਪ੍ਰਭਾਵਿਤ ਖੇਤਰ ਦਾ ਦੌਰਾ ਕਰ ਕੇ ਪਰਤੇ ਮੁੱਖ ਮੰਤਰੀ ਤ੍ਰਿਵੇਂਦਰ ਰਾਵਤ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸੁਰੰਗ ਬਹੁਤ ਘੁੰਮਾਅਦਾਰ ਹੈ, ਜਿਸ ਕਾਰਨ ਮੁਹਿੰਮ ਵਿਚ ਆਈ ਤੇਜ਼ੀ ਮੰਗਲਵਾਰ ਨੂੰ ਮੱਠੀ ਹੋਈ ਹੈ। ਹਾਲਾਂਕਿ ਉਨ੍ਹਾਂ ਨੇ ਕਿਹਾ ਕਿ ਹੁਣ ਡਰਿੱਲ ਕਰ ਕੇ ਰੱਸੀ ਦੇ ਸਹਾਰੇ ਅੱਗੇ ਪਹੁੰਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਦੱਸ ਦੇਈਏ ਕਿ ਰਾਵਤ ਨੇ ਅੱਜ ਸਵੇਰੇ ਹਵਾਈ ਸਰਵੇਖਣ ਕੀਤਾ ਅਤੇ ਹਾਦਸੇ ਵਿਚ ਜ਼ਖਮੀ ਹੋਏ ਲੋਕਾਂ ਨੂੰ ਜੋਸ਼ੀਮੱਠ ਦੇ ਹਸਪਤਾਲ ਵਿਚ ਮੁਲਾਕਾਤ ਕੀਤੀ ਅਤੇ ਉਨ੍ਹਾਂ ਦਾ ਹਾਲ-ਚਾਲ ਪੁੱਛਿਆ। ਰਿਸ਼ੀਗੰਗਾ ਅਤੇ ਤਪੋਵਨ ਬਿਜਲੀ ਪ੍ਰਾਜੈਕਟਾਂ ’ਚ ਕੰਮ ਕਰਨ ਵਾਲੇ ਅਤੇ ਆਲੇ-ਦੁਆਲੇ ਰਹਿਣ ਵਾਲੇ ਕਰੀਬ ਅੱਧਾ ਦਰਜਨ ਲੋਕ ਆਫ਼ਤ ਵਿਚ ਜ਼ਖਮੀ ਹੋਏ ਹਨ। 

Tanu

This news is Content Editor Tanu