ਉੱਤਰਾਖੰਡ: ਵੱਖ-ਵੱਖ ਸੜਕ ਹਾਦਸਿਆਂ ’ਚ ਪੱਤਰਕਾਰ ਸਮੇਤ 3 ਦੀ ਮੌਤ, 15 ਜ਼ਖਮੀ

05/30/2022 3:33:46 PM

ਉੱਤਰਾਖੰਡ- ਉੱਤਰਾਖੰਡ ’ਚ ਦੋ ਵੱਖ-ਵੱਖ ਸੜਕ ਹਾਦਸਿਆਂ ’ਚ 3 ਲੋਕਾਂ ਦੀ ਮੌਤ ਹੋ ਗਈ, ਜਦਕਿ 15 ਹੋਰ ਜ਼ਖਮੀ ਹੋ ਗਏ। ਮਰਨ ਵਾਲਿਆਂ ’ਚ ਇਕ ਅੰਗਰੇਜ਼ੀ ਅਖ਼ਬਾਰ ਦਾ ਪੱਤਰਕਾਰ ਵੀ ਸ਼ਾਮਲ ਹੈ। ਅਧਿਕਾਰੀਆਂ ਨੇ ਦੱਸਿਆ ਕਿ ਉੱਤਰਾਕਾਸ਼ੀ ਜ਼ਿਲ੍ਹੇ ’ਚ ਗੰਗੋਤਰੀ ਨੈਸ਼ਨਲ ਹਾਈਵੇਅ ’ਤੇ ਕੋਪਾਂਗ ਬੈਂਡ ਕੋਲ ਐਤਵਾਰ ਅੱਧੀ ਰਾਤ ਤੋਂ ਬਾਅਦ ਇਕ ਟੈਂਪੋ ਟਰੈਵਲਰ 100 ਮੀਟਰ ਡੂੰਘੇ ਖੱਡ ’ਚ ਜਾ ਡਿੱਗਿਆ। ਹਾਦਸੇ ਦੇ ਸਮੇਂ ਵਾਹਨ ’ਚ ਡਰਾਈਵਰ ਸਮੇਤ 15 ਲੋਕ ਸਵਾਰ ਸਨ।

ਅਧਿਕਾਰੀਆਂ ਮੁਤਾਬਕ ਵਾਹਨ ਦੇ ਖੱਡ ’ਚ ਡਿੱਗਣ ਦੀ ਸੂਚਨਾ ਮਿਲਣ ’ਤੇ ਕੋਪਾਂਗ ਸਥਿਤ ਭਾਰਤ-ਤਿੱਬਤ ਸਰਹੱਦ ਪੁਲਸ (ITBP) ਦੇ ਜਵਾਨਾਂ ਅਤੇ ਪੁਲਸ ਕਰਮੀਆਂ ਨੇ ਮੌਕੇ ’ਤੇ ਪਹੁੰਚ ਕੇ ਜ਼ਖਮੀਆਂ ਨੂੰ ਬਾਹਰ ਕੱਢਿਆ ਅਤੇ ਉਨ੍ਹਾਂ ਨੂੰ ਹਰਸ਼ਿਲ ਦੇ ਫ਼ੌਜੀ ਹਸਪਤਾਲ ਪਹੁੰਚਾਇਆ, ਜਿੱਥੇ ਇਲਾਜ ਦੌਰਾਨ ਗੰਭੀਰ ਰੂਪ ਨਾਲ ਜ਼ਖਮੀ ਮਹਾਰਾਸ਼ਟਰ ਦੇ ਔਰੰਗਾਬਾਦ ਦੀ ਰਹਿਣ ਵਾਲੀ ਅਲਕਾ ਬੋਟੇ ਅਤੇ ਤਾਮਿਲਨਾਡੂ ਦੇ ਕੋਇੰਬਟੂਰ ਵਾਸੀ ਇਕ ਅਖ਼ਬਾਰ ਦੇ ਪੱਤਰਕਾਰ ਕਾਰਤਿਕ ਮਾਧਵਨ ਦੀ ਮੌਤ ਹੋ ਗਈ। 

ਉੱਤਰਾਕਾਸ਼ੀ ਦੇ ਜ਼ਿਲ੍ਹਾ ਆਫ਼ਤ ਪ੍ਰਬੰਧਨ ਅਧਿਕਾਰੀ ਦਵਿੰਦਰ ਪਟਵਾਲ ਨੇ ਦੱਸਿਆ ਕਿ ਹਾਦਸੇ ’ਚ ਜ਼ਖਮੀ 10 ਹੋਰ ਲੋਕਾਂ ਨੂੰ ਮੁੱਢਲੇ ਇਲਾਜ ਮਗਰੋਂ ਉੱਤਰਾਕਾਸ਼ੀ ਜ਼ਿਲ੍ਹਾ ਹਸਪਤਾਲ ਲਈ ਰੈਫਰ ਕਰ ਦਿੱਤਾ ਗਿਆ ਹੈ, ਜਦਕਿ ਮਾਮੂਲੀ ਰੂਪ ਨਾਲ ਜ਼ਖਮੀ ਇਕ ਵਿਅਕਤੀ ਨੂੰ ਛੁੱਟੀ ਦੇ ਦਿੱਤੀ ਗਈ। ਉੱਥੇ ਹੀ ਦੋ ਹੋਰ ਗੰਭੀਰ ਰੂਪ ਨਾਲ ਜ਼ਖਮੀ ਲੋਕਾਂ ਨੂੰ ਦੇਹਰਾਦੂਨ ਭੇਜਿਆ ਗਿਆ ਹੈ। ਅਧਿਕਾਰੀਆਂ ਮੁਤਾਬਕ ਹਾਦਸੇ ’ਚ ਜ਼ਖਮੀ 13 ਲੋਕਾਂ ’ਚੋਂ 8 ਮਹਾਰਾਸ਼ਟਰ ਦੇ ਔਰੰਗਾਬਾਦ ਜ਼ਿਲ੍ਹੇ ਦੇ ਰਹਿਣ ਵਾਲੇ ਹਨ, ਜਦਕਿ ਹੋਰ ਪੁਣੇ, ਅਹਿਮਦਾਬਾਦ ਅਤੇ ਦਿੱਲੀ ਦੇ ਵਾਸੀ ਹਨ। ਵਾਹਨ ਡਰਾਈਵਰ ਦੇਹਰਾਦੂਨ ਦੇ ਪ੍ਰੇਮ ਨਗਰ ਦਾ ਰਹਿਣ ਵਾਲਾ ਹੈ।

ਇਕ ਹੋਰ ਘਟਨਾ ’ਚ ਟਿਹਰੀ ਜ਼ਿਲ੍ਹੇ ’ਚ ਇਕ ਕਾਰ ਸੜਕ ਤੋਂ 15 ਮੀਟਰ ਹੇਠਾਂ ਪਲਟ ਗਈ, ਜਿਸ ’ਚ ਸਵਾਰ ਪਰਿਵਾਰ ਦੀ ਇਕ ਮਹਿਲਾ ਦੀ ਮੌਤ ਹੋ ਗਈ ਅਤੇ ਉਸ ਦਾ ਪਤੀ ਅਤੇ ਪੁੱਤਰ ਜ਼ਖਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਇਹ ਪਰਿਵਾਰ ਚਮੋਲੀ ਤੋਂ ਦੇਹਰਾਦੂਨ ਆਪਣੇ ਘਰ ਦੇ ਗ੍ਰਹਿ ਪ੍ਰਵੇਸ਼ ਲਈ ਜਾ ਰਿਹਾ ਸੀ, ਤਾਂ ਸਵੇਰੇ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ। ਮ੍ਰਿਤਕਾ ਦੀ ਪਛਾਣ ਨੀਤੂ ਚੌਧਰੀ ਦੇ ਰੂਪ ’ਚ ਹੋਈ ਹੈ।
 

Tanu

This news is Content Editor Tanu