ਉੱਤਰਾਖੰਡ : ਸ਼ਾਹੀ ਵਿਆਹ ’ਚ ਹੈਲੀਕਾਪਟਰਾਂ ਦੀ ਵਰਤੋਂ ’ਤੇ ਰੋਕ

06/17/2019 9:28:31 PM

ਨੈਨੀਤਾਲ– ਉੱਤਰਾਖੰਡ ਹਾਈ ਕੋਰਟ ਨੇ ਓਲੀ ਵਿਚ 2 ਪ੍ਰਵਾਸੀ ਭਾਰਤੀਆਂ ਦੇ ਪ੍ਰਸਤਾਵਿਤ ‘ਸ਼ਾਹੀ ਵਿਆਹ’ ਦੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਸਿਰਫ ਵਿਆਹ ਲਈ ਹੈਲੀਕਾਪਟਰਾਂ ਦੀ ਵਰਤੋਂ ’ਤੇ ਰੋਕ ਲਾ ਦਿੱਤੀ ਹੈ। ਸੋਮਵਾਰ ਨੂੰ ਇਕ ਪਟੀਸ਼ਨ ’ਤੇ ਸੁਣਵਾਈ ਦੌਰਾਨ ਅਦਾਲਤ ਨੇ ਸੂਬਾਈ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਓਲੀ ਦੇ ਚੌਗਿਰਦੇ ’ਤੇ ਪੈਣ ਵਾਲੇ ਮਾੜੇ ਪ੍ਰਭਾਵ ’ਤੇ ਨਜ਼ਰ ਰੱਖਣ ਦੇ ਨਿਰਦੇਸ਼ ਦਿੱਤੇ।
ਚੀਫ ਜਸਟਿਸ ਰਮੇਸ਼ ਰੰਗਨਾਥਨ ਅਤੇ ਜਸਟਿਸ ਅਾਲੋਕ ਕੁਮਾਰ ਵਰਮਾ ’ਤੇ ਆਧਾਰਿਤ ਬੈਂਚ ਨੇ ਵੀ ਇਸ ਪੂਰੇ ਕਾਂਡ ਨੂੰ ਬੇਹੱਦ ਗੰਭੀਰਤਾ ਨਾਲ ਲਿਆ। ਅਗਲੀ ਸੁਣਵਾਈ ਦੀ ਮਿਤੀ 18 ਜੂਨ ਦੇ ਲਈ ਸਰਕਾਰ ਨੂੰ ਨਿਰਦੇਸ਼ ਦਿੱਤਾ ਗਿਆ ਕਿ ਉਹ ਕੱਲ ਅਦਾਲਤ ਵਿਚ ਦੱਸੇ ਕਿ ਓਲੀ ਵਿਚ ਜਿਸ ਖੇਤਰ ਵਿਚ ਸ਼ਾਹੀ ਵਿਆਹ ਹੋ ਰਿਹਾ ਹੈ, ਉਹ ਚਮੌਲੀ ਜਨਪਦ ਵਿਚ ਸਥਿਤ ਸੰਵੇਦਨਸ਼ੀਲ ਬੁਗਿਆਲ ਦਾ ਹਿੱਸਾ ਹੈ ਜਾਂ ਨਹੀਂ?

ਓਧਰ ਸੂਬਾਈ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਸਕੱਤਰ ਨੂੰ ਵੀ ਕੱਲ ਅਦਾਲਤ ਵਿਚ ਪੇਸ਼ ਹੋਣ ਲਈ ਕਿਹਾ ਗਿਆ ਹੈ। ਗੌਰਤਲਬ ਹੈ ਕਿ ਚਮੌਲੀ ਜਨਪਦ ਦੇ ਓਲੀ ਵਿਚ ਦੱਖਣੀ ਅਫਰੀਕਾ ਵਿਚ ਰਹੇ 2 ਭਾਰਤੀ ਉਦਯੋਗਪਤੀ ਭਰਾਵਾਂ ਅਜੇ ਗੁਪਤਾ ਅਤੇ ਅਤੁਲ ਗੁਪਤਾ ਦੇ ਇਕ-ਇਕ ਬੇਟੇ ਦਾ ਵਿਆਹ ਸਮਾਰੋਹ 18 ਤੋਂ 22 ਜੂਨ ਤੱਕ ਆਯੋਜਿਤ ਕੀਤਾ ਜਾ ਰਿਹਾ ਹੈ।

Inder Prajapati

This news is Content Editor Inder Prajapati