ਯੂ.ਪੀ. ''ਚ 2017 ਤੋਂ 2020 ਤੱਕ ਜ਼ਹਿਰੀਲੀ ਸ਼ਰਾਬ ਪੀਣ ਨਾਲ 128 ਲੋਕਾਂ ਦੀ ਹੋਈ ਮੌਤ

02/18/2020 6:08:12 PM

ਲਖਨਊ— ਉੱਤਰ ਪ੍ਰਦੇਸ਼ 'ਚ ਵਿੱਤੀ ਸਾਲ 2017 ਤੋਂ 31 ਜਨਵਰੀ 2020 ਤੱਕ ਜ਼ਹਿਰੀਲੀ ਸ਼ਰਾਬ ਪੀਣ ਨਾਲ 12 ਜ਼ਿਲਿਆਂ 'ਚ ਕੁੱਲ 128 ਲੋਕਾਂ ਦੀ ਮੌਤ ਹੋਈ, ਜਦੋਂਕਿ ਇਸ ਮਿਆਦ 'ਚ ਸਾਰੇ ਜ਼ਿਲਿਆਂ ਤੋਂ ਤਕਰੀਬਨ 72.13 ਲੱਖ ਲੀਟਰ ਨਾਜਾਇਜ਼ ਸ਼ਰਾਬ ਜ਼ਬਤ ਕੀਤੀ ਗਈ ਹੈ। ਵਿਧਾਨ ਪ੍ਰੀਸ਼ਦ 'ਚ ਮੰਗਲਵਾਰ ਨੂੰ ਨਸੀਮੁਦੀਨ ਸਿੱਦੀਕੀ ਦੇ ਇਕ ਪ੍ਰਸ਼ਨ ਦੇ ਲਿਖਤੀ ਉੱਤਰ 'ਚ ਆਬਕਾਰੀ ਮੰਤਰੀ ਨੇ ਦੱਸਿਆ ਕਿ ਵਿੱਤੀ ਸਾਲ 2017-18 ਤੋਂ 31 ਜਨਵਰੀ 2020 ਤੱਕ ਪ੍ਰਦੇਸ਼ 'ਚ ਜ਼ਹਿਰੀਲੀ ਸ਼ਰਾਬ ਪੀਣ ਨਾਲ 12 ਜ਼ਿਲਿਆਂ 'ਚ ਕੁੱਲ 128 ਲੋਕਾਂ ਦੀ ਮੌਤ ਜ਼ਹਿਰੀਲੀ ਸ਼ਰਾਬ ਪੀਣ ਨਾਲ ਹੋਈ। ਸਭ ਤੋਂ ਵਧ ਸਹਾਰਨਪੁਰ ਜ਼ਿਲੇ 'ਚ ਫਰਵਰੀ 2019 'ਚ 36 ਲੋਕਾਂ ਦੀ ਜ਼ਹਿਰੀਲੀ ਸ਼ਰਾਬ ਪੀਣ ਨਾਲ ਮੌਤ ਹੋਈ, ਜਦੋਂ ਕਿ ਸਭ ਤੋਂ ਘੱਟ ਇਕ-ਇਕ ਵਿਅਕਤੀ ਦੀ ਬਿਜਨੌਰ ਅਤੇ ਸੀਤਾਪੁਰ 'ਚ ਮੌਤ ਹੋਈ।

ਆਜਮਗੜ੍ਹ ਜ਼ਿਲੇ 'ਚ ਜੁਲਾਈ 2017 'ਚ ਜ਼ਹਿਰੀਲੀ ਸ਼ਰਾਬ ਪੀਣ ਨਾਲ 26 ਲੋਕਾਂ ਜਦੋਂਕਿ ਬਾਰਾਬੰਕੀ 'ਚ ਮਈ 2019 'ਚ 24 ਲੋਕਾਂ ਦੀ ਮੌਤ ਹੋਈ। ਇਸ ਤੋਂ ਇਲਾਵਾ ਕਾਨਪੁਰ ਨਗਰ 'ਚ ਮਾਰਚ 2019 'ਚ 10 ਲੋਕਾਂ ਦੀ ਮੌਤ, ਜਦੋਂ ਕਿ ਕੁਸ਼ੀਨਗਰ 'ਚ ਫਰਵਰੀ 2019 'ਚ 8 ਲੋਕਾਂ ਦੀ ਜ਼ਹਿਰੀਲੀ ਸ਼ਰਾਬ ਪੀਣ ਨਾਲ ਮੌਤ ਹੋਈ। ਕਾਨਪੁਰ ਨਗਰ 'ਚ ਮਈ ਮਹੀਨੇ 'ਚ 5 ਅਤੇ ਸ਼ਾਮਲੀ 'ਚ ਅਗਸਤ 2018 'ਚ 5 ਲੋਕਾਂ ਦੀ ਮੌਤ ਹੋਈ। ਬਾਰਾਬੰਕੀ 'ਚ ਜਨਵਰੀ 2018 'ਚ ਚਾਰ, ਗਾਜ਼ੀਆਬਾਦ 'ਚ ਮਾਰਚ 2018 ਨੂੰ ਚਾਰ, ਕਾਨਪੁਰ ਦੇਹਾਤ 'ਚ ਮਈ 2018 ਨੂੰ ਚਾਰ ਨੇ ਜ਼ਹਿਰੀਲੀ ਸ਼ਰਾਬ ਪੀ ਕੇ ਜਾਨ ਗਵਾਈ ਸੀ। ਇਸ ਮਿਆਦ 'ਚ ਇਸ ਰਾਜ ਦੇ 75 ਜ਼ਿਲਿਆਂ 'ਚ 72 ਲੱਖ 13 ਹਜ਼ਾਰ 629 ਬਲਕ ਲੀਟਰ ਨਾਜਾਇਜ਼ ਸ਼ਰਾਬ ਜ਼ਬਤ ਕੀਤੀ ਗਈ। ਇਸ 'ਚ ਵਧ 4656601 ਬਲਕ ਲੀਟਰ ਨਾਜਾਇਜ਼ ਸ਼ਰਾਬ ਸਹਾਰਨਪੁਰ ਜ਼ਿਲੇ 'ਚ ਬਰਾਮਦ ਕੀਤੀ, ਜਦੋਂ ਕਿ ਸਭ ਤੋਂ ਘੱਟ ਹਮੀਰਪੁਰ ਜ਼ਿਲੇ 'ਚ 12 ਹਜ਼ਾਰ 423 ਬਲਕ ਲੀਟਰ ਨਾਜਾਇਜ਼ ਸ਼ਰਾਬ ਜ਼ਬਤ ਕੀਤੀ ਗਈ।

DIsha

This news is Content Editor DIsha