ਬਦਮਾਸ਼ ਨੂੰ ਫੜਨ ਗਈ ਪੁਲਸ 'ਤੇ ਚਲਾਈਆਂ ਗੋਲੀਆਂ, DSP ਸਮੇਤ 8 ਪੁਲਸ ਕਾਮੇ ਸ਼ਹੀਦ

07/03/2020 12:13:46 PM

ਕਾਨਪੁਰ- ਉੱਤਰ ਪ੍ਰਦੇਸ਼ ਦੇ ਕਾਨਪੁਰ 'ਚ ਹਿਸਟਰੀਸ਼ੀਟਰ ਬਦਮਾਸ਼ ਨੂੰ ਫੜਨ ਗਈ ਪੁਲਸ ਟੀਮ 'ਤੇ ਬਦਮਾਸ਼ਾਂ ਨੇ ਹਮਲਾ ਕਰ ਦਿੱਤਾ, ਜਿਸ 'ਚ ਇਕ ਪੁਲਸ ਡਿਪਟੀ ਸੁਪਰਡੈਂਟ ਸਮੇਤ 8 ਪੁਲਸ ਮੁਲਾਜ਼ਮ ਸ਼ਹੀਦ ਹੋ ਗਏ, ਜਦੋਂ ਕਿ 7 ਜ਼ਖਮੀ ਹਨ। ਇਸ ਘਟਨਾ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਮੁੱਖ ਮੰਤਰੀ ਯੋਗੀ ਆਦਿੱਤਿਯਨਾਥ ਨੇ ਅਪਰਾਧੀਆਂ 'ਤੇ ਸਖਤ ਤੋਂ ਸਖਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ। ਪੁਲਸ ਡਾਇਰੈਕਟਰ ਜਨਰਲ ਜੈ ਨਾਰਾਇਣ ਸਿੰਘ ਨੇ ਸ਼ੁੱਕਰਵਾਰ ਸਵੇਰੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਕਾਨਪੁਰ ਦੇ ਚੌਬੇਪੁਰ ਖੇਤਰ 'ਚ ਹਿਸਟਰੀਸ਼ੀਟਰ ਵੀਰਵਾਰ ਦੇਰ ਰਾਤ ਪੁਲਸ ਡਿਪਟੀ ਸੁਪਰਡੈਂਟ ਬਿਲਹੌਰ ਦੇਵੇਂਦਰ ਮਿਸ਼ਰਾ ਦੀ ਅਗਵਾਈ 'ਚ ਬਿਠੂਰ, ਚੌਬੇਪੁਰ, ਸ਼ਿਵਰਾਜਪੁਰ ਥਾਣਿਆਂ ਦੀ ਪੁਲਸ ਟੀਮਾਂ ਅਪਰਾਧੀ ਵਿਕਾਸ ਦੁਬੇ ਨੂੰ ਫੜਨ ਵਿਕਰੂ ਪਿੰਡ ਪਹੁੰਚੀ ਸੀ। ਘੇਰਾਬੰਦੀ ਕਰਦੇ ਹੋਏ ਬਦਮਾਸ਼ ਦੀ ਗ੍ਰਿਫਤਾਰੀ ਲਈ ਜਾਲ ਵਿਛਾਇਆ। 

ਇਸ ਵਿਚ ਬਦਮਾਸ਼ਾਂ ਨੇ ਛੱਤ 'ਤੇ ਚੜ੍ਹ ਕੇ ਪੁਲਸ 'ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਇਸ ਘਟਨਾ 'ਚ ਪੁਲਸ ਡਿਪਟੀ ਸੁਪਰਡੈਂਟ ਬਿਲਹੌਰ ਦੇਵੇਂਦਰ ਕੁਮਾਰ ਮਿਸ਼ਰ ਤੋਂ ਇਲਾਵਾ ਸ਼ਿਵਰਾਜਪੁਰ ਦੇ ਥਾਣਾ ਇੰਚਾਰਜ ਮਹੇਸ਼ ਯਾਦਵ, ਮੰਧਨਾ ਚੌਕੀ ਅਨੂਪ ਕੁਮਾਰ, ਸ਼ਿਵਕਰਾਜਪੁਰ ਥਾਣਾ ਇੰਚਾਰਜ ਅਨੂਪ ਕੁਮਾਰ, ਸ਼ਿਵਕਰਾਜਪੁਰ ਥਾਣੇ 'ਚ ਤਾਇਨਾਤ ਸਬ-ਇੰਸਪੈਕਟਰ ਨੇਬੂਲਾਲ, ਚੌਬੇਪੁਰ ਥਾਣੇ 'ਚ ਤਾਇਨਾਤ ਕਾਂਸਟੇਬਲ ਸੁਲਤਾਨ ਸਿੰਘ, ਬਿਠੂਰ ਥਾਣੇ 'ਚ ਤਾਇਨਾਤ ਕਾਂਸਟੇਬਲ ਰਾਹੁਲ, ਜਿਤੇਂਦਰ ਅਤੇ ਬੱਬਲੂ ਸ਼ਹੀਦ ਹੋ ਗਏ। ਇਸ ਘਟਨਾ 'ਚ 7 ਪੁਲਸ ਮੁਲਾਜ਼ਮਾਂ ਦੇ ਜ਼ਖਮੀ ਹੋਣ ਦੀ ਸੂਚਨਾ ਹੈ। ਸਾਰਿਆਂ ਨੂੰ ਹਸਪਤਾਲ 'ਚ ਭਰਤੀ ਕਰਵਾ ਦਿੱਤਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਬਦਮਾਸ਼ਾਂ ਨੂੰ ਫੜਨ ਲਈ ਐੱਸ.ਟੀ.ਐੱਫ. ਨੂੰ ਲਾਇਆ ਗਿਆ ਹੈ। ਸੂਤਰਾਂ ਅਨੁਸਾਰ ਪੁਲਸ ਵਲੋਂ ਤਿੰਨ ਬਦਮਾਸ਼ਾਂ ਨੂੰ ਮਾਰਨ ਦੀ ਖਬਰ ਹੈ।

DIsha

This news is Content Editor DIsha