2000 ਕਿਲੋਮੀਟਰ ਦਾ ਸਫ਼ਰ ਤੈਅ ਕਰ ਘਰ ਪਹੁੰਚਿਆ ਸੀ ਮਜ਼ਦੂਰ, ਸੱਪ ਦੇ ਡੱਸਣ ਨਾਲ ਹੋਈ ਮੌਤ

06/02/2020 1:31:58 PM

ਗੋਂਡਾ- ਬੈਂਗਲੁਰੂ ਤੋਂ ਉੱਤਰ ਪ੍ਰਦੇਸ਼ ਦੇ ਗੋਂਡਾ ਜ਼ਿਲ੍ਹੇ 'ਚ ਆਪਣੇ ਘਰ ਤੱਕ 2000 ਕਿਲੋਮੀਟਰ ਦੀ ਯਾਤਰਾ ਕਰਨ ਵਾਲੇ ਇਕ ਮਜ਼ਦੂਰ ਦੀ ਸੱਪ ਦੇ ਡੱਸਣ ਨਾਲ ਮੌਤ ਹੋ ਗਈ। ਗੋਂਡਾ ਦੇ ਰਹਿਣ ਵਾਲੇ ਸਲਮਾਨ ਨੇ 12 ਮਈ ਨੂੰ ਬੈਂਗਲੁਰੂ ਤੋਂ ਘਰ ਦਾ ਸਫ਼ਰ ਸ਼ੁਰੂ ਕੀਤਾ ਸੀ ਅਤੇ ਉਹ ਬੀਤੇ ਹਫਤੇ ਕਰੀਬ 2000 ਕਿਲੋਮੀਟਰ ਦੀ ਯਾਤਰਾ ਕਰ ਕੇ ਘਰ ਪਹੁੰਚਿਆ ਸੀ। ਆਪਣੇ ਬੇਟੇ ਦੀ ਮੌਤ ਦੀ ਖਬਰ ਸੁਣ ਕੇ ਸਲਮਾਨ ਦੀ ਮਾਂ ਅਤੇ ਉਨ੍ਹਾਂ ਦੇ ਪਰਿਵਾਰ ਦੇ ਲੋਕ ਸਦਮੇ 'ਚ ਹਨ।
ਦੱਸਿਆ ਜਾ ਰਿਹਾ ਹੈ ਕਿ ਸਲਮਾਨ ਪਰਿਵਾਰ ਲਈ ਰੋਜ਼ੀ-ਰੋਟੀ ਦਾ ਇੰਤਜ਼ਾਮ ਕਰਨ ਲਈ ਦਸੰਬਰ ਮਹੀਨੇ 'ਚ ਗੋਂਡਾ ਤੋਂ ਬੈਂਗਲੁਰੂ ਗਿਆ ਸੀ। ਸਲਮਾਨ ਗੋਂਡਾ ਦੇ ਧਾਨੇਪੁਰ ਪਿੰਡ ਦਾ ਰਹਿਣ ਵਾਲਾ ਸੀ ਅਤੇ ਤਾਲਾਬੰਦੀ ਕਾਰਨ ਨੌਕਰੀ ਛੁੱਟ ਜਾਣ 'ਤੇ ਹੀ ਉਸ ਨੇ ਘਰ ਵਾਪਸੀ ਦਾ ਫ਼ੈਸਲਾ ਕੀਤਾ ਸੀ। ਸਲਮਾਨ ਦੇ ਸਾਥੀਆਂ ਨੇ ਪਹਿਲਾਂ ਮਜ਼ਦੂਰ ਐਕਸਪ੍ਰੈੱਸ 'ਤੇ ਘਰ ਆਉਣ ਦੀ ਕੋਸ਼ਿਸ਼ ਕੀਤੀ ਸੀ ਪਰ ਭਾਰੀ ਭੀੜ ਕਾਰਨ ਜਦੋਂ ਗੱਲ ਨਹੀਂ ਬਣੀ ਤਾਂ ਸਾਰਿਆਂ ਨੇ ਪੈਦਲ ਹੀ ਗੋਂਡਾ ਤੱਕ ਦੀ ਯਾਤਰਾ ਦਾ ਫ਼ੈਸਲਾ ਕਰ ਲਿਆ। ਇਸ ਤੋਂ ਬਾਅਦ ਸਲਮਾਨ ਅਤੇ ਉਸ ਨਾਲ ਕਈ ਸਾਥੀ 12 ਮਈ ਨੂੰ ਬੈਂਗਲੁਰੂ ਲਈ ਨਿਕਲੇ ਅਤੇ 26 ਮਈ ਦੀ ਸ਼ਾਮ ਗੋਂਡਾ ਪਹੁੰਚ ਗਏ।

ਮਾਂ ਨੂੰ ਮਿਲਣ ਤੋਂ ਬਾਅਦ ਸਲਮਾਨ ਗੰਨੇ ਦੇ ਖੇਤ 'ਚ ਹੱਥ ਮੂੰਹ ਧੋਣ ਦੀ ਗੱਲ ਕਹਿ ਕੇ ਗਿਆ ਪਰ ਜਦੋਂ ਕਾਫ਼ੀ ਦੇਰ ਤੱਕ ਉਹ ਵਾਪਸ ਨਹੀਂ ਆਇਆ ਤਾਂ ਪਰਿਵਾਰ ਦੇ ਲੋਕਾਂ ਨੇ ਉਸ ਦੀ ਤਲਾਸ਼ ਸ਼ੁਰੂ ਕੀਤੀ। ਇਕ ਘੰਟੇ ਬਾਅਦ ਗੰਨੇ ਦੇ ਖੇਤ 'ਚ ਹੀ ਸਲਮਾਨ ਦੀ ਲਾਸ਼ ਬਰਾਮਦ ਕੀਤੀ ਗਈ। ਇਸ ਤੋਂ ਬਾਅਦ ਸਲਮਾਨ ਦੇ ਪਰਿਵਾਰ ਨੇ ਉਸ ਦੀ ਲਾਸ਼ ਸੁਪਰਦ-ਏ-ਖਾਕ ਕੀਤੀ। ਦੱਸਿਆ ਜਾ ਰਿਹਾ ਹੈ ਕਿ ਸਲਮਾਨ ਦੀ ਮੌਤ ਨਾਲ ਹੁਣ ਉਸ ਦੀ ਮਾਂ ਸਦਮੇ 'ਚ ਹੈ ਅਤੇ ਪਰਿਵਾਰ ਦੇ ਲੋਕ ਹੁਣ ਗਰੀਬੀ ਅਤੇ ਇਲਾਜ ਦੇ ਖਰਚ ਨੂੰ ਲੈ ਕੇ ਕਈ ਪਰੇਸ਼ਾਨੀਆਂ ਨਾਲ ਜੂਝ ਰਹੇ ਹਨ।


DIsha

Content Editor

Related News