ਮਨੁੱਖਤਾ ਸ਼ਰਮਸਾਰ : ਮ੍ਰਿਤਕਾਂ ਦੀਆਂ ਲਾਸ਼ਾਂ ਤੋਂ ਕਫ਼ਨ ਚੋਰੀ ਕਰ ਕੇ ਵੇਚਣ ਵਾਲੇ ਗਿਰੋਹ ਦਾ ਪਰਦਾਫਾਸ਼, 7 ਗ੍ਰਿਫ਼ਤਾਰ

05/09/2021 6:01:53 PM

ਬਾਗਪਤ- ਉੱਤਰ ਪ੍ਰਦੇਸ਼ ਦੇ ਬਾਗਪਤ ਜ਼ਿਲ੍ਹਾ ਪੁਲਸ ਨੇ ਕਬਰਸਤਾਨ ਅਤੇ ਸ਼ਮਸ਼ਾਨ ਘਾਟ ਤੋਂ ਕਫ਼ਨ ਅਤੇ ਲਾਸ਼ਾਂ ਦੇ ਕੱਪੜੇ ਚੋਰੀ ਕਰ ਕੇ ਉਨ੍ਹਾਂ ਨੂੰ ਬਜ਼ਾਰ 'ਚ ਵੇਚਣ ਵਾਲੇ ਗਿਰੋਹ ਦੇ 7 ਲੋਕਾਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਪੁਲਸ ਅਨੁਸਾਰ ਮਾਮਲਾ ਬਾਗਪਤ ਦੇ ਬੜੌਤ ਕੋਤਵਾਲੀ ਇਲਾਕੇ ਦਾ ਹੈ, ਜਿੱਥੇ ਇਹ ਗਿਰੋਹ ਮਨੁੱਖਤਾ ਨੂੰ ਸ਼ਰਮਸਾਰ ਕਰਨ ਦੇ ਨਾਲ ਹੀ ਕੋਰੋਨਾ ਇਨਫੈਕਸ਼ਨ ਨੂੰ ਵੀ ਦਾਵਤ ਦੇ ਰਿਹਾ ਸੀ। ਬੜੌਤ ਦੇ ਪੁਲਸ ਖੇਤਰ ਅਧਿਕਾਰੀ ਆਲੋਕ ਸਿੰਘ ਨੇ ਐਤਵਾਰ ਨੂੰ ਦੱਸਿਆ ਕਿ ਇਕ ਕੱਪੜਾ ਵਪਾਰੀ ਸਮੇਤ ਉਸ ਦੇ ਹੋਰ ਸਾਥੀ ਮਿਲ ਕੇ ਸ਼ਮਸ਼ਾਨ ਘਾਟ, ਕਬਰਸਤਾਨ ਤੋਂ ਕਫ਼ਨ ਅਤੇ ਲਾਸ਼ 'ਤੇ ਪਾਈ ਗਈ ਚਾਦਰ ਆਦਿ ਚੋਰੀ ਕਰ ਲੈਂਦੇ ਸਨ ਅਤੇ ਉਨ੍ਹਾਂ ਕੱਪੜਿਆਂ ਨੂੰ ਪ੍ਰੈੱਸ ਕਰ ਕੇ ਗਵਾਲੀਅਰ ਕੰਪਨੀ ਦਾ ਮਾਰਕਾ ਲਗਾ ਕੇ ਬਜ਼ਾਰ 'ਚ ਵੇਚਦੇ ਸਨ।

ਇਹ ਵੀ ਪੜ੍ਹੋ : ਮਮਤਾ ਬੈਨਰਜੀ ਨੇ PM ਮੋਦੀ ਨੂੰ ਲਿਖੀ ਚਿੱਠੀ, ਕਿਹਾ- ਮੈਡੀਕਲ ਉਪਕਰਣ ਅਤੇ ਦਵਾਈਆਂ 'ਤੇ ਨਾ ਲੱਗੇ ਟੈਕਸ

ਪੁਲਸ ਨੇ ਦੱਸਿਆ ਕਿ ਗਿਰੋਹ ਪਿਛਲੇ 10 ਸਾਲਾਂ ਤੋਂ ਇਹ ਕੰਮ ਕਰ ਰਿਹਾ ਸੀ। ਗ੍ਰਿਫ਼ਤਾਰ ਕੀਤੇ ਗਏ ਦੋਸ਼ੀਆਂ ਨੂੰ ਕੱਪੜਾ ਵਪਾਰੀ ਰੋਜ਼ਾਨਾ 300 ਰੁਪਏ ਮਜ਼ਦੂਰੀ ਦਿੰਦੇ ਸਨ। ਆਲੋਕ ਸਿੰਘ ਨੇ ਦੱਸਿਆ ਕਿ ਬੜੌਤ ਪੁਲਸ ਨੇ ਸ਼ਨੀਵਾਰ ਨੂੰ ਕੱਪੜਾ ਵਪਾਰੀ ਪ੍ਰਵੀਨ ਜੈਨ ਸਮੇਤ ਉਸ ਦੇ ਪੁੱਤਰ ਆਸ਼ੀਸ਼ ਜੈਨ, ਭਤੀਜੇ ਰਿਸ਼ਭ ਜੈਨ ਅਤੇ ਹੋਰ ਰਾਜੂ ਸ਼ਰਮਾ, ਸ਼ਰਵਰਨ ਸ਼ਰਮਾ, ਬੱਬਲੂ ਕਸ਼ਯਪ, ਸ਼ਾਹਰੁਖ ਖਾਨ ਸਮੇਤ 7 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਸਾਰਿਆਂ ਨੂੰ ਨਿਆਇਕ ਹਿਰਾਸਤ 'ਚ ਜੇਲ੍ਹ ਭੇਜ ਦਿੱਤਾ ਗਿਆ ਹੈ। ਸਿੰਘ ਅਨੁਸਾਰ ਫੜੇ ਗਏ ਦੋਸ਼ੀਆਂ ਕੋਲੋਂ ਪੁਲਸ ਨੇ 520 ਸਫੇਦ ਅਤੇ ਪੀਲੀਆਂ ਚਾਦਰਾਂ, 127 ਕੁੜਤੇ, 140 ਸਫੇਦ ਕਮੀਜ਼ਾਂ, 34 ਸਫੇਦ ਧੋਤੀਆਂ, 12 ਗਰਮ ਸ਼ਾਲ ਰੰਗੀਨ, 3 ਰਿਬਨ ਦੇ ਪੈਕੇਟ, 158 ਰਿਬਨ ਗਵਾਲੀਅਰ, 1 ਟੇਪ ਕਟਰ, 112 ਗਵਾਲੀਅਰ ਕੰਪਨੀ ਦੇ ਸਟਿਕਰ ਵੀ ਬਰਾਮਦ ਕੀਤੇ ਗਏ ਹਨ। ਫੜ੍ਹੇ ਗਏ ਦੋਸ਼ੀਆਂ 'ਤੇ ਬੜੌਤ ਪੁਲਸ ਨੇ ਆਈ.ਪੀ.ਸੀ. ਦੀਆਂ ਧਾਰਾਵਾਂ ਤੋਂ ਇਲਾਵਾ ਮਹਾਮਾਰੀ ਐਕਟ ਦੇ ਅਧੀਨ ਵੀ ਮਾਮਲਾ ਦਰਜ ਕੀਤਾ ਹੈ।

ਇਹ ਵੀ ਪੜ੍ਹੋ : ਰਾਹੁਲ ਨੇ ਕੋਵਿਡ ਮਹਾਮਾਰੀ ਨੂੰ 'ਮੋਵਿਡ' ਮਹਾਮਾਰੀ ਕਹਿ ਕੇ ਉਡਾਇਆ PM ਮੋਦੀ ਦਾ ਮਜ਼ਾਕ


DIsha

Content Editor

Related News