ਉੱਤਰ-ਪ੍ਰਦੇਸ਼ : ਸਕੂਲ ਬੱਸ ਅਤੇ ਰੇਲ ਗੱਡੀ ਦੀ ਟੱਕਰ, ਬੁੱਝ ਗਏ ਕਈ ਘਰਾਂ ਦੇ ਚਿਰਾਗ

04/27/2018 10:28:48 AM

ਕੁਸ਼ੀਨਗਰ— ਉੱਤਰ-ਪ੍ਰਦੇਸ਼ ਦੇ ਕੁਸ਼ੀਨਗਰ 'ਚ ਵੀਰਵਾਰ ਦੀ ਸਵੇਰ ਨੂੰ ਤਕਰੀਬਨ 7 ਵਜੇ ਇਕ ਭਿਆਨਕ ਹਾਦਸਾ ਵਾਪਰਿਆ, ਜਿਸ 'ਚ 12 ਬੱਚਿਆਂ ਸਮੇਤ ਡਰਾਈਵਰ ਦੇ ਸਹਾਇਕ ਦੀ ਮੌਤ ਹੋ ਗਈ। ਇਸ ਹਾਦਸੇ 'ਚ ਕਈ ਘਰਾਂ ਦੇ ਚਿਰਾਗ ਬੁੱਝ ਗਏ। ਇਹ ਹਾਦਸਾ ਗੌਰਖਪੁਰ ਤੋਂ 50 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਕੁਸ਼ੀਨਗਰ ਇਲਾਕੇ 'ਚ ਵਾਪਰਿਆ, ਜਿੱਥੇ ਦੁਦਹੀ ਰੇਲਵੇ ਕ੍ਰਾਸਿੰਗ 'ਤੇ ਸਕੂਲ ਬੱਸ ਅਤੇ ਰੇਲ ਗੱਡੀ ਦੀ ਜ਼ਬਰਦਸਤ ਟੱਕਰ ਹੋ ਗਈ। ਇਸ ਭਿਆਨਕ ਹਾਦਸੇ 'ਚ ਬੱਸ 'ਚ ਬੈਠੇ 10 ਬੱਚਿਆਂ ਅਤੇ ਡਰਾਈਵਰ ਦੀ ਮੌਤ ਮੌਕੇ 'ਤੇ ਹੀ ਹੋ ਗਈ ਅਤੇ ਬਾਕੀ ਦੋ ਬੱਚਿਆਂ ਨੇ ਬਾਅਦ 'ਚ ਦਮ ਤੋੜ ਦਿੱਤਾ। ਰਾਹਤ ਅਧਿਕਾਰੀਆਂ ਨੇ 6 ਜ਼ਖਮੀ ਬੱਚਿਆਂ ਅਤੇ ਬੱਸ ਦੇ ਡਰਾਈਵਰ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਹੈ। ਬੱਸ 'ਚ ਕੁੱਲ 25 ਬੱਚੇ ਸਵਾਰ ਸਨ।

ਮੁੱਖ ਮੰਤਰੀ ਯੋਗੀ ਆਦਿੱਤਯਨਾਥ ਨੇ ਇਸ ਦਰਦਨਾਕ ਹਾਦਸੇ 'ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਨੇ ਇਸ ਹਾਦਸੇ 'ਚ ਮਰਨ ਵਾਲਿਆਂ ਦੇ ਪਰਿਵਾਰਾਂ ਨੂੰ 2-2 ਲੱਖ ਰੁਪਏ ਦੀ ਆਰਥਿਕ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਜ਼ਿਲਾ ਪ੍ਰਸ਼ਾਸਨ ਨੂੰ ਜ਼ਖਮੀ ਬੱਚਿਆਂ ਦੇ ਇਲਾਜ ਦਾ ਚੰਗਾ ਪ੍ਰਬੰਧ ਕਰਨ ਦੇ ਹੁਕਮ ਦਿੱਤੇ ਹਨ। ਹਾਦਸੇ ਮਗਰੋਂ ਮੁੱਖ ਮੰਤਰੀ ਯੋਗੀ ਜ਼ਖਮੀ ਬੱਚਿਆਂ ਨੂੰ ਦੇਖਣ ਪੁੱਜੇ। ਉਨ੍ਹਾਂ ਮੰਨਿਆ ਕਿ ਸਕੂਲ ਬੱਸ ਦੇ ਡਰਾਈਵਰ ਨੇ ਡਰਾਈਵ ਕਰਦੇ ਸਮੇਂ ਈਅਰ ਫੋਨ ਲਗਾਏ ਹੋਏ ਸਨ। ਉਨ੍ਹਾਂ ਨੇ ਘਟਨਾ ਦੀ ਜਾਂਚ ਦੇ ਹੁਕਮ ਦਿੱਤੇ ਹਨ ਅਤੇ ਕਿਹਾ ਕਿ ਦੋਸ਼ੀਆਂ ਖਿਲਾਫ ਕਾਰਵਾਈ ਹੋਵੇਗੀ। 

ਜਾਣਕਾਰੀ ਮੁਤਾਬਕ ਇਹ ਹਾਦਸਾ ਉਸ ਸਮੇਂ ਵਾਪਰਿਆ ਜਦ ਸਕੂਲ ਦੀ ਬੱਸ ਬੱਚਿਆਂ ਨੂੰ ਲੈ ਕੇ ਜਾ ਰਹੀ ਸੀ ਅਤੇ ਇਸੇ ਦੌਰਾਨ ਦੁਦਹੀ ਰੇਲਵੇ ਕ੍ਰਾਸਿੰਗ ਕੋਲ ਰੇਲ ਗੱਡੀ ਨਾਲ ਭਿਆਨਕ ਟੱਕਰ ਹੋ ਗਈ। ਪੁਲਸ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।