ਸੋਚ-ਸਮਝ ਕੇ ਹੀ ਲਗਾਓ ਵਟਸਐਪ ਸਟੇਟਸ, ਬੰਬੇ ਹਾਈ ਕੋਰਟ ਨੇ ਦਿੱਤੀ ਸਖ਼ਤ ਹਿਦਾਇਤ, ਜਾਣੋ ਪੂਰਾ ਮਾਮਲਾ

07/25/2023 2:32:03 PM

ਮੁੰਬਈ- ਬੰਬੇ ਹਾਈਕੋਰਟ ਦੀ ਨਾਗਪੁਰ ਬੈਂਚ ਨੇ ਇਕ ਧਾਰਮਿਕ ਸਮੂਹ ਦੇ ਖਿਲਾਫ ਕਥਿਤ ਤੌਰ 'ਤੇ ਨਫਰਤ ਫੈਲਾਉਣ ਵਾਲੀ ਸਮੱਗਰੀ ਪੋਸਟ ਕਰਨ ਦੇ ਦੋਸ਼ੀ ਵਿਰੁੱਧ ਐੱਫ.ਆਈ.ਆਰ. ਰੱਦ ਕਰਨ ਤੋਂ ਇਨਕਾਰ ਕਰਦੇ ਹੋਏ ਕਿਹਾ ਹੈ ਕਿ ਵਟਸਐਪ ਸਟੇਟਸ ਰਾਹੀਂ ਦੂਜਿਆਂ ਤਕ ਕੁਝ ਸੰਦੇਸ਼ ਪਹੁੰਚਾਉਂਦੇ ਸਮੇਂ ਜ਼ਿੰਮੇਵਾਰੀ ਦੀ ਭਾਵਨਾ ਨਾਲ ਵਿਵਹਾਰ ਕਰਨਾ ਚਾਹੀਦਾ ਹੈ। ਜਸਟਿਸ ਵਿਨੇ ਜੋਸ਼ੀ ਅਤੇ ਜਸਟਿਸ ਵਾਲਮੀਕੀ ਐੱਸ.ਏ. ਮੈਨੇਜਿਸ ਦੀ ਬੈਂਚ ਨੇ 12 ਜੁਲਾਈ ਨੂੰ ਆਪਣੇ ਆਦੇਸ਼ 'ਚ ਕਿਹਾ ਕਿ ਅੱਜ-ਕੱਲ੍ਹ ਵਟਸਐਪ ਸਟੇਟਸ ਦਾ ਉਦੇਸ਼ ਆਪਣੇ ਜਾਣਕਾਰਾਂ ਨੂੰ ਕੁਝ ਗੱਲਾਂ ਦੀ ਜਾਣਕਾਰੀ ਦੇਣਾ ਹੁੰਦਾ ਹੈ ਅਤੇ ਲੋਕ ਹਮੇਸ਼ਾ ਆਪਣੇ ਜਾਣ-ਪਛਾਣ ਵਾਲਿਆਂ ਦਾ ਵਟਸਐਪ ਸਟੇਟਸ ਦੇਖਦੇ ਹਨ। 

ਕਿਸ਼ੋਰ ਲਾਂਡਕਰ (27) ਨਾਂ ਦੇ ਵਿਅਕਤੀ ਖਿਲਾਫ ਧਾਰਮਿਕ ਭਾਵਨਾਵਾਂ ਨੂੰ ਜਾਣਬੁੱਝ ਕੇ ਠੇਸ ਪਹੁੰਚਾਉਣ ਨਾਲ ਸੰਬੰਧਿਤ ਆਈ.ਪੀ.ਸੀ. ਦੀਆਂ ਧਾਰਾਵਾਂ- ਅਨੁਸੂਚਿਤ ਜਾਤੀ/ਜਨਜਾਤੀ ਐਕਟ ਅਤੇ ਸੂਚਨਾ ਤਕਨੀਕੀ ਐਕਟ ਤਹਿਤ ਐੱਫ.ਆਈ.ਆਰ. ਦਰਜ ਕੀਤੀ ਗਈ ਹੈ। ਲਾਂਡਕਰ ਨੇ ਐੱਫ.ਆਈ.ਆਰ. ਰੱਦ ਕਰਨ ਦੀ ਅਪੀਲ ਕਰਦੇ ਹੋਏ ਪਟੀਸ਼ਨ ਦਾਇਰ ਕੀਤੀ ਸੀ, ਜਿਸਨੂੰ ਅਦਾਲਤ ਨੇ ਰੱਦ ਕਰਨ ਦਿੱਤਾ।

ਅਦਾਲਤ ਨੇ ਕਿਹਾ ਕਿ ਵਟਸਐਪ ਸਟੇਟਸ... ਤੁਸੀਂ ਕੀ ਕਰ ਰਹੇ ਹੋ, ਕੀ ਸੋਚ ਰਹੇ ਹੋ ਜਾਂ ਤੁਸੀਂ ਜੋ ਕੁਝ ਦੇਖਿਆ ਹੈ ਉਸਦੀ ਤਸਵੀਰ ਜਾਂ ਵੀਡੀਓ ਹੋ ਸਕਦਾ ਹੈ। ਇਹ 24 ਘੰਟਿਆਂ ਤੋਂ ਬਾਅਦ ਹਟ ਜਾਂਦਾ ਹੈ। ਵਟਸਐਪ ਸਟੇਟਸ ਦਾ ਉਦੇਸ਼ ਕਿਸੇ ਵਿਅਕਤੀ ਦੁਆਰਾ ਜਾਣਕਾਰਾਂ ਤਕ ਕੁਝ ਗੱਲ ਪਹੁੰਚਾਉਣਾ ਹੁੰਦਾ ਹੈ। ਇਹ ਹੋਰ ਕੁਝ ਨਹੀਂ ਸਗੋਂ ਜਾਣ-ਪਛਾਣ ਦੇ ਲੋਕਾਂ ਨਾਲ ਸੰਪਰਕ ਦਾ ਇਕ ਤਰੀਕਾ ਹੈ। ਦੂਜਿਆਂ ਨੂੰ ਕੋਈ ਗੱਲ ਦੱਸਦੇ ਸਮੇਂ ਜ਼ਿੰਮੇਵਾਰੀ ਦੀ ਭਾਵਨਾ ਨਾਲ ਵਿਵਹਾਰ ਕਰਨਾ ਚਾਹੀਦਾ ਹੈ। 

ਸ਼ਿਕਾਇਤਕਰਤਾ ਨੇ ਆਪਣੀ ਸ਼ਿਕਾਇਤ 'ਚ ਕਿਹਾ ਸੀ ਕਿ ਮਾਰਚ 2023 'ਚ ਦੋਸ਼ੀ ਨੇ ਆਪਣਾ ਸਟੇਟਸ ਅਪਲੋਡ ਕੀਤਾ, ਜਿਸ ਵਿਚ ਉਸਨੇ ਇਕ ਸਵਾਲ ਲਿਖਿਆ ਅਤੇ ਸਟੇਟਸ ਦੇਖਣ ਵਾਲਿਆਂ ਤੋਂ ਹੈਰਾਨ ਕਰਨ ਵਾਲੇ ਨਤੀਜੇ ਜਾਣਨ ਲਈ ਗੂਗਲ 'ਤੇ ਇਸਨੂੰ (ਸਵਾਲ ਨੂੰ) ਸਰਚ ਕਰਨ ਲਈ ਕਿਹਾ। ਸ਼ਿਕਾਇਤ 'ਚ ਕਿਹਾ ਗਿਆ ਹੈ ਕਿ ਜਦੋਂ ਸ਼ਿਕਾਇਤਕਰਤਾ ਨੇ ਸਵਾਲ ਨੂੰ ਗੂਗਲ 'ਤੇ ਸਰਚ ਕੀਤਾ ਤਾਂ ਉਸਨੂੰ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀ ਇਤਰਾਜ਼ਯੋਗ ਸਮੱਗਰੀ ਨਜ਼ਰ ਆਈ।

Rakesh

This news is Content Editor Rakesh