ਭੂਚਾਲ ਦੇ ਝਟਕੇ ਮਹਿਸੂਸ ਹੋਣ ’ਤੇ ਵਰਤੋ ਇਹ ਸਾਵਧਾਨੀਆਂ

02/13/2021 4:23:39 PM

ਨਵੀਂ ਦਿੱਲੀ: ਭੂਚਾਲ ਅਜਿਹੀ ਕੁਦਰਤੀ ਆਫਤ ਹੈ ਜਿਸ ਦਾ ਅੰਦਾਜ਼ਾ ਲਗਾ ਪਾਉਣਾ ਸਾਡੇ ਹੱਥ ’ਚ ਨਹੀਂ ਹੈ। ਕਦੋਂ, ਕਿੱਥੇ ਧਰਤੀ ਅਚਾਨਕ ਡੋਲਨ ਲੱਗ ਜਾਵੇਗੀ ਇਹ ਦੱਸਣਾ ਵਿਗਿਆਨੀਆਂ ਲਈ ਵੱਡੀ ਮੁਸ਼ਕਿਲ ਹੈ। ਦਿੱਲੀ-ਐੱਨ. ਸੀ. ਆਰ. ’ਚ ਹੀ ਪਿਛਲੇ ਡੇਢ ਮਹੀਨੇ ਅੰਦਰ 11 ਵਾਰ ਭੂਚਾਲ ਦੇ ਛੋਟੇ-ਛੋਟੇ ਝਟਕੇ ਲੱਗ ਚੁੱਕੇ ਹਨ। ਕੱਲ੍ਹ ਭਾਵ 13 ਫਰਵਰੀ ਦੀ ਰਾਤ ਨੂੰ ਦਿੱਲੀ-ਐੱਨ.ਸੀ.ਆਰ. ਸਮੇਤ ਉੱਤਰ ਭਾਰਤ ਦੇ ਕਈ ਹਿੱਸਿਆਂ ’ਚ ਫਿਰ ਭੂਚਾਲ ਦੇ ਤਗੜੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਭਾਰਤੀ ਸਮੇਂ ਅਨੁਸਾਰ ਰਾਤ 10.34 ’ਤੇ ਆਇਆ। ਭੂਚਾਲ ਦੀ ਤੀਬਰਤਾ 6.3 ਮਾਪੀ ਗਈ। ਭੂਚਾਲ ਆਉਣ ਨਾਲ ਲੋਕਾਂ ’ਚ ਦਹਿਸ਼ਤ ਦਾ ਮਾਹੌਲ ਬਣ ਗਿਆ ਸੀ। ਅੱਜ ਅਸੀਂ ਤੁਹਾਨੂੰ ਭੂਚਾਲ ਕੀ ਹੈ, ਭੂਚਾਲ ਆਉਣ ’ਤੇ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਅਤੇ ਇਸ ਨਾਲ ਜੁੜੀਆਂ ਕੁਝ ਖ਼ਾਸ ਗੱਲਾਂ ਬਾਰੇ ਦੱਸਣ ਜਾ ਰਹੇ ਹਾਂ....
ਉਂਝ ਤਾਂ ਆਫਤ ਸੰਭਲਣ ਦਾ ਮੌਕਾ ਨਹੀਂ ਦਿੰਦੀ ਪਰ ਥੋੜ੍ਹਾ ਚੌਕੰਨਾ ਰਹਿ ਕੇ ਤੁਸੀਂ ਆਪਣਾ ਬਚਾ ਕਰ ਸਕਦੇ ਹਾਂ। ਜਾਣੋ ਭੂਚਾਲ ਵਰਗੀ ਸਥਿਤੀ ਤੋਂ ਨਿਪਟਣ ਲਈ ਤੁਸੀਂ ਕਿੰਝ ਤਿਆਰ ਰਹਿ ਸਕਦੇ ਹੋ। 
—ਭੂਚਾਲ ਦੇ ਝਟਕੇ ਜਿਵੇਂ ਹੀ ਮਹਿਸੂਸ ਹੋਣ ਤੁਰੰਤ ਬਿਨਾਂ ਦੇਰ ਕੀਤੇ ਘਰ, ਦਫ਼ਤਰ ’ਚੋਂ ਬਾਹਰ ਨਿਕਲ ਕੇ ਖੁੱਲ੍ਹੀ ਥਾਂ ’ਤੇ ਚਲੇ ਜਾਓ। ਵੱਡੀਆਂ-ਵੱਡੀਆਂ ਬਿਲਡਿੰਗਾਂ, ਦਰਖ਼ਤਾਂ, ਬਿਜਲੀ ਦੇ ਖੰਭਿਆਂ ਆਦਿ ਤੋਂ ਦੂਰੀ ਬਣਾ ਕੇ ਰੱਖੋ। 
ਬਾਹਰ ਜਾਣ ਲਈ ਲਿਫਟ ਦੀ ਵਰਤੋਂ ਬਿਲਕੁੱਲ ਨਾ ਕਰੋ। ਪੌੜੀਆਂ ਰਾਹੀਂ ਹੀ ਹੇਠਾਂ ਪਹੁੰਚਣ ਦੀ ਕੋਸ਼ਿਸ਼ ਕਰੋ।
—ਜੇਕਰ ਤੁਸੀਂ ਕਿਤੇ ਅਜਿਹੀ ਜਗ੍ਹਾ ’ਤੇ ਹੋ ਜਿਥੋਂ ਬਾਹਰ ਨਿਕਲਣ ’ਚ ਮੁਸ਼ਕਿਲ ਹੋ ਰਹੀ ਹੈ ਤਾਂ ਸਹੀ ਇਹ ਹੋਵੇਗਾ ਕਿ ਆਪਣੇ ਆਲੇ-ਦੁਆਲੇ ਹੀ ਅਜਿਹੀ ਜਗ੍ਹਾ ਲੱਭੋ ਜਿਸ ਦੇ ਹੇਠਾਂ ਲੁੱਕ ਕੇ ਖ਼ੁਦ ਨੂੰ ਬਚਾਇਆ ਜਾ ਸਕੇ। ਧਿਆਨ ਰੱਖੋ ਕਿ ਭੂਚਾਲ ਆਉਣ 'ਤੇ ਬਿਲਕੁਲ ਵੀ ਦੌਡ਼ਣਾ ਨਹੀਂ, ਇਸ ਨਾਲ ਨੁਕਸਾਨ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ । 
—ਭੂਚਾਲ ਆਉਣ ’ਤੇ ਖਿੜਕੀ, ਅਲਮਾਰੀ, ਪੱਖੇ, ਛੱਤਾਂ ’ਤੇ ਰੱਖੇ ਭਾਰੀ ਸਮਾਨ ਤੋਂ ਦੂਰ ਰਹੋ ਤਾਂ ਜੋ ਇਨ੍ਹਾਂ ਦੇ ਡਿੱਗਣ ਅਤੇ ਸ਼ੀਸ਼ੇ ਟੁੱਟਣ ’ਤੇ ਸੱਟ ਨਾ ਲੱਗੇ।
—ਟੇਬਲ, ਬੈੱਡ ਵਰਗੇ ਮਜ਼ਬੂਤ ਫਰਨੀਚਰ ਹੇਠਾਂ ਬੈਠ ਜਾਓ ਅਤੇ ਉਸ ਦੀਆਂ ਲੱਤਾਂ ਘੁੱਟ ਕੇ ਫੜ੍ਹ ਲਓ ਤਾਂ ਜੋ ਝਟਕਿਆਂ ਨਾਲ ਉਹ ਖਿਸਕਣ ਨਾ।
—ਕੋਈ ਮਜ਼ਬੂਤ ਚੀਜ਼ ਨਾ ਹੋਵੇ ਤਾਂ ਕਿਸੇ ਕੰਧ ਨਾਲ ਲੱਗ ਕੇ ਬੈਠ ਕੇ ਸਰੀਰ ਦੇ ਨਾਜ਼ੁਕ ਹਿੱਸੇ ਜਿਵੇਂ ਸਿਰ ਨੂੰ ਮੋਟੀ ਕਿਤਾਬ ਜਾਂ ਕਿਸੇ ਮਜ਼ਬੂਤ ਚੀਜ਼ ਨਾਲ ਢੱਕ ਕੇ ਗੋਡਿਆਂ ਦੇ ਭਾਰ ਬੈਠ ਜਾਓ। ਖੁੱਲ੍ਹਣ ਅਤੇ ਬੰਦ ਹੋਣ ਵਾਲੇ ਦਰਵਾਜ਼ੇ ਦੇ ਕੋਲ ਖੜ੍ਹੇ ਨਾ ਹੋਵੇ, ਨਹੀਂ ਤਾਂ ਸੱਟ ਲੱਗ ਸਕਦੀ ਹੈ। 
—ਗੱਡੀ ’ਚ ਹੋ ਤਾਂ ਬਿਲਡਿੰਗ, ਹੋਲਡਿੰਗਸ, ਖੰਭਿਆਂ, ਫਲਾਈਓਵਰ, ਪੁੱਲ ਆਦਿ ਤੋਂ ਦੂਰ ਸੜਕ ਕਿਨਾਰੇ ਜਾਂ ਖੁੱਲ੍ਹੇ ਮੈਦਾਨ ’ਚ ਗੱਡੀ ਰੋਕ ਲਓ ਅਤੇ ਭੂਚਾਲ ਦੇ ਝਟਕੇ ਰੁਕਣ ਤੱਕ ਉਡੀਕ ਕਰੋ। 

ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ।

Aarti dhillon

This news is Content Editor Aarti dhillon