ਅਮਰੀਕਾ : ਕੰਸਾਸ ''ਚ ਭਾਰਤੀ ਵਿਦਿਆਰਥੀ ਦੀ ਹੱਤਿਆ ਕਰਨ ਵਾਲਾ ਦੋਸ਼ੀ ਐਨਕਾਊਂਟਰ ''ਚ ਢੇਰ

07/16/2018 10:54:01 PM

ਕੰਸਾਸ — ਪਿਛਲੇ ਦਿਨੀਂ ਕੰਸਾਸ ਸਿਟੀ 'ਚ 25 ਸਾਲਾਂ ਦੇ ਭਾਰਤੀ ਵਿਦਿਆਰਥੀ ਸ਼ਰਤ ਕੱਪੂ ਦੀ ਹੱਤਿਆ ਕਰਨ ਵਾਲੇ ਦੋਸ਼ੀ ਨੂੰ ਪੁਲਸ ਨੇ ਇਕ ਐਨਕਾਊਂਟਰ 'ਚ ਢੇਰ ਕਰ ਦਿੱਤਾ ਹੈ। ਇਸ ਐਨਕਾਊਂਟਰ 'ਚ ਇਕ ਪੁਲਸ ਕਰਮੀ ਵੀ ਜ਼ਖਮੀ ਹੋ ਗਿਆ। ਅਮਰੀਕੀ ਅਥਾਰਟੀਜ਼ ਵੱਲੋਂ ਇਸ ਗੱਲ ਦੀ ਜਾਣਕਾਰੀ ਦਿੱਤੀ ਗਈ ਹੈ। ਦੱਸ ਦਈਏ ਕਿ ਸ਼ਰਤ ਕੱਪੂ ਦੀ 6 ਜੁਲਾਈ ਨੂੰ ਉਸ ਵੇਲੇ ਹੱਤਿਆ ਕਰ ਦਿੱਤੀ ਗਈ ਸੀ ਕਿ ਜਦੋਂ ਉਹ ਇਕ ਰੈਸਤਰਾਂ 'ਚ ਹੋਣ ਵਾਲੀ ਲੁੱਟਖੋਹ ਨੂੰ ਰੋਕਣ ਦੀਆਂ ਕੋਸ਼ਿਸ਼ਾਂ ਕਰ ਰਿਹਾ ਸੀ। ਸ਼ਰਤ ਇਸ ਰੈਸਤਰਾਂ 'ਚ ਕੰਮ ਕਰਦਾ ਸੀ ਅਤੇ ਮਿਸੌਰੀ ਰਾਜ 'ਚ ਇਹ ਘਟਨਾ ਵਾਪਰੀ ਸੀ।
ਐਤਵਾਰ ਨੂੰ ਪੁਲਸ ਅਧਿਕਾਰੀਆਂ ਵੱਲੋਂ ਦੱਸਿਆ ਗਿਆ ਕਿ ਸ਼ੱਕੀ ਗੋਲੀਬਾਰੀ 'ਚ ਸ਼ਾਮਲ ਸੀ। ਜਿਸ ਸਮੇਂ 2 ਅੰਡਰਕਵਰ ਅਫਸਰ ਪੈਟਰੋਲਿੰਗ ਕਰ ਰਹੇ ਸਨ ਅਤੇ ਉਨ੍ਹਾਂ ਨੇ ਇਕ ਵਿਅਕਤੀ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਪੁਲਸ 'ਤੇ ਗੋਲੀਆਂ ਚੱਲਾ ਦਿੱਤੀਆਂ ਅਤੇ ਫਰਾਰ ਹੋ ਗਏ। ਇਸ ਗੋਲੀਬਾਰੀ 'ਚ ਦੋਵੇਂ ਪੁਲਸ ਅਧਿਕਾਰੀ ਜ਼ਖਮੀ ਹੋ ਗਏ। ਇਸ ਦੌਰਾਨ ਸ਼ੱਕੀ ਨੂੰ ਵਿਅਕਤੀ ਦਾ ਨਾਂ ਜਨਤਕ ਨਹੀਂ ਕੀਤਾ ਗਿਆ ਹੈ। ਕੰਸਾਸ ਸਟਾਰ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਪੂਰੇ ਐਨਕਾਊਂਟਰ 'ਚ ਕੁਲ 3 ਅਫਸਰ ਜ਼ਖਮੀ ਹੋ ਗਏ ਹਨ ਅਤੇ ਉਥੇ ਹੀ ਸ਼ੱਕੀ ਦੀ ਵੀ ਮੌਤ ਹੋ ਗਈ ਹੈ। ਕੰਸਾਸ ਸਿਟੀ 'ਚ ਅੰਡਰਕਵਰ ਅਫਸਰ 'ਤੇ ਹਮਲੇ ਤੋਂ ਬਾਅਦ ਕਰੀਬ 1 ਘੰਟੇ ਤੱਕ ਗੋਲੀਬਾਰੀ ਹੋਈ ਅਤੇ ਇਸ ਤੋਂ ਬਾਅਦ ਕੁਝ ਦੇਰ ਤੱਕ ਤਣਾਅ ਦੀ ਸਥਿਤੀ ਰਹੀ।