ਅਮਰੀਕੀ ਰਾਸ਼ਟਰਪਤੀ ਦੀ ਭਾਰਤ-ਚੀਨ ਵਿਚਾਲੇ ਤਕਰਾਰ ਪੈਦਾ ਕਰਣ ਦੀ ਕੋਸ਼ਿਸ਼

05/29/2020 8:36:12 PM

ਨਵੀਂ ਦਿੱਲੀ/ਵਾਸ਼ਿੰਗਟਨ/ਬੀਜਿੰਗ (ਰਾਇਟਰ, ਏਜੰਸੀਆਂ) : ਗਲਤ ਬਿਆਨਬਾਜੀ ਕਰ ਦੂਜੇ ਦੇਸ਼ਾਂ ਅਤੇ ਉਨ੍ਹਾਂ ਦੇ ਰਾਸ਼ਟਰੀ ਪ੍ਰਧਾਨਾਂ ਲਈ ਅਜੀਬੋ-ਗਰੀਬ ਸਥਿਤੀ ਪੈਦਾ ਕਰਣਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਲਈ ਕੋਈ ਨਵੀਂ ਗੱਲ ਨਹੀਂ ਹੈ। ਭਾਰਤ ਲਈ ਉਹ ਪਹਿਲਾਂ ਵੀ ਅਜਿਹੇ ਹਾਲਾਤ ਪੈਦਾ ਕਰ ਚੁੱਕੇ ਹਨ ਅਤੇ ਸ਼ੁੱਕਰਵਾਰ ਨੂੰ ਫਿਰ ਉਨ੍ਹਾਂ ਨੇ ਕੁੱਝ ਅਜਿਹਾ ਹੀ ਬਿਆਨ ਦਿੱਤਾ ਹੈ।
ਵਾਸ਼ਿੰਗਟਨ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਟਰੰਪ ਨੇ ਕਿਹਾ ਹੈ ਕਿ ਉਨ੍ਹਾਂ ਦੀ ਨਰਿੰਦਰ ਮੋਦੀ ਨਾਲ ਗੱਲ ਹੋਈ ਹੈ ਅਤੇ ਮੋਦੀ ਚੀਨ ਨੂੰ ਲੈ ਕੇ ਬਹੁਤ ਚੰਗੇ ਮੂਡ ਵਿਚ ਨਹੀਂ ਹਨ। ਭਾਰਤ ਅਤੇ ਚੀਨ ਦੇ ਮੌਜੂਦਾ ਸਰਹੱਦ ਤਣਾਅ ਨੂੰ ਦੇਖਦੇ ਹੋਏ ਇਸ ਬਿਆਨ ਦਾ ਕਾਫ਼ੀ ਮਹੱਤਵ ਹੈ, ਪਰ ਜਿਵੇਂ ਹੀ ਮੀਡੀਆ ਨੇ ਇਸ ਬਿਆਨ ਨੂੰ ਦਿਖਾਉਣਾ ਸ਼ੁਰੂ ਕੀਤਾ, ਭਾਰਤੀ ਵਿਦੇਸ਼ ਮੰਤਰਾਲਾ ਨੇ ਇਸ ਗੱਲ ਤੋਂ ਸਪੱਸ਼ਟ ਇਨਕਾਰ ਕਰ ਦਿੱਤਾ ਕਿ ਪੀ.ਐਮ. ਮੋਦੀ ਅਤੇ ਰਾਸ਼ਟਰਪਤੀ ਟਰੰਪ ਦੇ ਵਿਚ ਕੋਈ ਗੱਲ ਹੋਈ ਹੈ। 
ਅਜਿਹੇ ਵਿਚ ਸਵਾਲ ਇਹ ਉਠ ਰਿਹਾ ਹੈ ਕਿ ਕੀ ਟਰੰਪ ਨੇ ਜਾਣਬੁੱਝ ਕੇ ਭਾਰਤ ਅਤੇ ਚੀਨ  ਦੇ ਵਿਚ ਗਲਤਫਿਹਮੀ ਵਧਾਉਣ ਦੀ ਕੋਸ਼ਿਸ਼ ਕੀਤੀ ਹੈ? ਇਹ ਤਾਂ ਸਪੱਸ਼ਟ ਨਹੀਂ ਹੈ ਕਿ ਟਰੰਪ ਨੇ ਅਜਿਹੀ ਬਿਆਨਬਾਜ਼ੀ ਕਿਉਂ ਕੀਤੀ, ਪਰ ਜਾਣਕਾਰਾਂ ਦਾ ਕਹਿਣਾ ਹੈ ਕਿ ਟਰੰਪ ਨੇ ਕੋਵਿਡ-19 ਨੂੰ ਲੈ ਕੇ ਚੀਨ ਦੇ ਖਿਲਾਫ ਪੂਰੀ ਤਰ੍ਹਾਂ ਸਖਤ ਰਵੱਈਆ ਆਪਣਾ ਰੱਖਿਆ ਹੈ। ਉਹ ਚੀਨ ਦੇ ਖਿਲਾਫ ਨਾ ਸਿਰਫ ਲਗਾਤਾਰ ਬਿਆਨਬਾਜ਼ੀ ਕਰ ਰਹੇ ਹਨ, ਸਗੋਂ ਪਿਛਲੇ 10 ਦਿਨਾਂ ਵਿਚ ਕਈ ਅਜਿਹੇ ਉਪਰਾਲਿਆਂ ਦਾ ਐਲਾਨ ਕਰ ਚੁੱਕੇ ਹਨ ਜੋ ਅਮਰੀਕਾ ਅਤੇ ਚੀਨ  ਦੇ ਰਿਸ਼ਤਿਆਂ ਨੂੰ ਖ਼ਰਾਬ ਕਰ ਰਿਹਾ ਹੈ। ਦੂਜੇ ਪਾਸੇ, ਹੁਣ ਚੀਨ ਵੱਲੋਂ ਵੀ ਇਸ 'ਤੇ ਬਿਆਨ ਸਾਹਮਣੇ ਆਇਆ ਹੈ ਕਿ ਚੀਨ ਅਤੇ ਭਾਰਤ ਆਪਸ ਵਿਚ ਕਿਸੇ ਵੀ ਵਿਵਾਦ ਨੂੰ ਹੱਲ ਕਰ ਸਕਦੇ ਹੈ।

ਭਾਰਤ ਖੁਸ਼ ਨਹੀਂ, ਸੰਭਵਤ:  ਚੀਨ ਵੀ ਖੁਸ਼ ਨਹੀਂ
ਇੱਕ ਪੱਤਰਕਾਰ ਦੇ ਸਵਾਲ 'ਤੇ ਟਰੰਪ ਬੋਲੇ ਕਿ ਭਾਰਤ ਅਤੇ ਚੀਨ ਦੇ ਵਿਚ ਬਹੁਤ ਟਕਰਾਅ ਚੱਲ ਰਿਹਾ ਹੈ। ਦੋਨਾਂ ਦੇਸ਼ਾਂ ਵਿਚ 1.4 ਅਰਬ ਤੋਂ ਜ਼ਿਆਦਾ ਲੋਕ ਹਨ ਅਤੇ ਦੋਨਾਂ ਕੋਲ ਕਾਫ਼ੀ ਸੈਨਿਕ ਤਾਕਤ ਹੈ। ਭਾਰਤ ਖੁਸ਼ ਨਹੀਂ ਹੈ ਅਤੇ ਸੰਭਵਤ: ਚੀਨ ਵੀ ਖੁਸ਼ ਨਹੀਂ ਹੈ। ਮੈਂ ਤੁਹਾਨੂੰ ਦੱਸਦਾ ਹਾਂ ਕਿ ਮੈਂ ਮੋਦੀ ਨਾਲ ਗੱਲ ਕੀਤੀ ਸੀ ਅਤੇ ਉਹ ਚੀਨ ਨੂੰ ਲੈ ਕੇ ਚੰਗੇ ਮੂਡ ਵਿਚ ਨਹੀਂ ਹਨ।

ਟਰੰਪ ਨਾਲ ਆਖਰੀ ਗੱਲਬਾਤ 4 ਅਪ੍ਰੈਲ ਨੂੰ
ਹਾਲ ਦੇ ਦਿਨਾਂ ਵਿਚ ਪੀ.ਐਮ. ਮੋਦੀ ਅਤੇ ਰਾਸ਼ਟਰਪਤੀ ਟਰੰਪ ਦੇ ਵਿਚ ਕੋਈ ਸੰਪਰਕ ਨਹੀਂ ਹੋਇਆ ਹੈ। ਦੋਨਾਂ ਵਿਚ ਆਖਰੀ ਗੱਲਬਾਤ 4 ਅਪ੍ਰੈਲ ਨੂੰ ਹਾਈਡਰੋਕਸੀ ਕਲੋਰੋਕਵੀਨ ਨੂੰ ਲੈ ਕੇ ਹੋਈ ਸੀ। ਭਾਰਤ ਪਹਿਲਾਂ ਤੋਂ ਸਥਾਪਤ ਪ੍ਰਣਾਲੀਆਂ ਅਤੇ ਕੂਟਨੀਤਕ ਤਰੀਕਿਆਂ ਰਾਹੀਂ ਚੀਨ ਨਾਲ ਸਿੱਧਾ ਸੰਪਰਕ ਵਿਚ ਹੈ। 

ਤੀਸਰੇ ਦੀ ਜ਼ਰੂਰਤ ਨਹੀਂ, ਭਾਰਤ ਨਾਲ ਹੱਲ ਕਰ ਲਿਆਂਗੇ ਵਿਵਾਦ : ਚੀਨ
ਚੀਨੀ ਵਿਦੇਸ਼ ਮੰਤਰਾਲਾ ਦੇ ਬੁਲਾਰਾ ਨੇ ਕਿਹਾ ਕਿ ਭਾਰਤ ਅਤੇ ਚੀਨ ਕਿਸੇ ਵੀ ਆਪਸੀ ਵਿਵਾਦ ਨੂੰ ਗੱਲਬਾਤ ਦੇ ਜ਼ਰੀਏ ਹੱਲ ਕਰ ਸੱਕਦੇ ਹਨ। ਅਜਿਹੇ ਵਿਚ ਕਿਸੇ ਤੀਸਰੇ ਦੇਸ਼ ਦੀ ਇਸ ਵਿਵਾਦ ਵਿਚ ਜ਼ਰੂਰਤ ਨਹੀਂ ਹੈ।
 

Inder Prajapati

This news is Content Editor Inder Prajapati