ਦਿੱਲੀ ਪਹੁੰਚੇ ਅਮਰੀਕੀ ਵਿਦੇਸ਼ ਮੰਤਰੀ, ਬੁੱਧਵਾਰ PM ਮੋਦੀ ਨਾਲ ਕਰਨਗੇ ਮੁਲਾਕਾਤ

06/25/2019 11:20:27 PM

ਨਵੀਂ ਦਿੱਲੀ: ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪੀਓ ਆਪਣੇ 3 ਰੋਜ਼ਾ ਦੌਰੇ ਦੌਰਾਨ ਭਾਰਤ ਆਏ ਹਨ, ਜੋ ਮੰਗਲਵਾਰ ਦੇਰ ਰਾਤ ਨਵੀਂ ਦਿੱਲੀ ਪਹੁੰਚੇ। ਪੋਂਪੀਓ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾਰਤ ਦੇ ਨਵੇਂ ਵਿਦੇਸ਼ ਮੰਤਰੀ ਐਸ. ਜੈ ਸ਼ੰਕਰ ਨਾਲ ਮੁਲਾਕਾਤ ਕਰਨਗੇ। ਇਸ ਦੌਰਾਨ ਦੋਵੇਂ ਨੇਤਾਵਾਂ ਵਿਚਾਲੇ ਆਰਥਿਕ ਸੰਬੰਧਾਂ ਨੂੰ ਵਧਾਉਣ 'ਤੇ ਚਰਚਾ ਹੋਵੇਗੀ। ਵਿਦੇਸ਼ ਵਿਭਾਗ ਨੇ ਕਿਹਾ ਕਿ ਹੈ ਕਿ ਉਨ੍ਹਾਂ ਦੀ ਇਸ ਯਾਤਰਾ ਦੌਰਾਨ ਵਿਸ਼ਵ ਦੇ ਦੋ ਵੱਡੇ ਲੋਕਤੰਤਰਿਕ ਦੇਸ਼ਾਂ ਵਿਚਾਲੇ ਰਣਨੀਤਕ ਸੰਬੰਧਾਂ 'ਤੇ ਧਿਆਨ ਕੇਂਦਰਿਤ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਦੇਸ਼ 'ਚ ਆਮ ਚੋਣਾਂ ਤੋਂ ਬਾਅਦ ਇਹ ਕਿਸੇ ਅਮਰੀਕੀ ਸੀਨੀਅਰ ਅਧਿਕਾਰੀ ਦੀ ਪਹਿਲੀ ਯਾਤਰਾ ਹੈ। ਉਨ੍ਹਾਂ ਦੀ ਇਸ ਯਾਤਰਾ 'ਤੇ ਦੁਨੀਆਂ ਦੀ ਨਜ਼ਰ ਟਿਕੀ ਹੈ।
ਅਮਰੀਕੀ ਰਾਜਨੀਤਕ ਸੂਤਰਾਂ ਮੁਤਾਬਕ ਐਸ 400 ਦਾ ਮੁੱਦਾ ਅਮਰੀਕਾ ਲਈ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਭਾਰਤ ਦੇ ਰੂਸ ਦੇ ਨਾਲ ਲੰਬੇ ਸਮੇਂ ਤੋਂ ਸੰਬੰਧ ਹੈ, ਜਿਸ ਨੂੰ ਨਕਾਰਿਆ ਨਹੀਂ ਜਾ ਸਕਦਾ। ਐਸ 400 ਲਗਭਗ ਇਕ ਦਹਾਕੇ ਤੋਂ ਚਰਚਾ 'ਚ ਹੈ। ਅਮਰੀਕਾ ਚੰਗੀ ਤਰ੍ਹਾਂ ਜਾਣਦਾ ਹੈ ਕਿ ਭਾਰਤ ਇਸ ਨੂੰ ਕਿਉਂ ਖਰੀਦ ਰਿਹਾ ਹੈ। ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪੀਓ ਦੀ ਐਸ. ਜੈ ਸ਼ੰਕਰ ਨਾਲ ਗੱਲਬਾਤ ਇਕ-ਦੂਜੇ ਨੂੰ ਸਮਝਾਉਣ ਲਈ ਜ਼ਿਆਦਾ ਹੋਵੇਗੀ। ਨਵੀਂ ਸਰਕਾਰ ਦੇ ਨਾਲ ਮਾਈਕ ਪੋਂਪੀਓ ਦੀ ਇਹ ਪਹਿਲੀ ਮੁਲਾਕਾਤ ਹੈ। ਇਸ ਦੌਰਾਨ ਕਿਸੇ ਵੀ ਸਮਝੌਤੇ 'ਤੇ ਦਸਤਖ਼ਤ ਕੀਤੇ ਜਾਣ ਦੀ ਉਮੀਦ ਨਹੀਂ ਹੈ।