ਸੰਯੁਕਤ ਰਾਸ਼ਟਰ 'ਚ ਮਸੂਦ ਖਿਲਾਫ ਪ੍ਰਸਤਾਵ, ਚੀਨ ਨੂੰ USA ਦਾ ਝਟਕਾ

03/28/2019 11:43:32 AM

ਵਾਸ਼ਿੰਗਟਨ, (ਏਜੰਸੀ)— ਜੈਸ਼-ਏ-ਮੁਹੰਮਦ ਸਰਗਨਾ ਮਸੂਦ ਅਜ਼ਹਰ ਨੂੰ ਗਲੋਬਲ ਅੱਤਵਾਦੀ ਘੋਸ਼ਿਤ ਕਰਨ ਅਤੇ ਉਸ ਨੂੰ ਪਾਬੰਦੀ ਸੂਚੀ 'ਚ ਪਾਉਣ ਨੂੰ ਲੈ ਕੇ ਅਮਰੀਕਾ ਨੇ ਬੁੱਧਵਾਰ ਨੂੰ ਸੰਯੁਕਤ ਰਾਸ਼ਟਰ ਪ੍ਰੀਸ਼ਦ 'ਚ ਪ੍ਰਸਤਾਵ ਪੇਸ਼ ਕੀਤਾ ਹੈ।ਇਸ ਪ੍ਰਸਤਾਵ ਨੂੰ ਫਰਾਂਸ ਅਤੇ ਬ੍ਰਿਟੇਨ ਦਾ ਸਮਰਥਨ ਹਾਸਲ ਹੈ, ਜਿਨ੍ਹਾਂ ਨੇ ਇਸ ਮਹੀਨੇ ਅਜ਼ਹਰ ਖਿਲਾਫ ਅਲ-ਕਾਇਦਾ ਅਤੇ ਇਸਲਾਮਿਕ ਸਟੇਟ ਕਮੇਟੀ 'ਚ ਪਾਬੰਦੀ ਦੇ ਪ੍ਰਸਤਾਵ 'ਤੇ ਅਮਰੀਕਾ ਦਾ ਸਾਥ ਦਿੱਤਾ ਸੀ।

ਅਮਰੀਕਾ ਦੇ ਇਸ ਕਦਮ ਨਾਲ ਚੀਨ ਨਾਲ ਉਸ ਦੇ ਟਕਰਾਅ ਦਾ ਖਦਸ਼ਾ ਵਧ ਗਿਆ ਹੈ। ਚੀਨ ਨੇ ਇਸ ਤੋਂ ਪਹਿਲਾਂ ਇਸੇ ਮਹੀਨੇ ਮਸੂਦ ਅਜ਼ਹਰ 'ਤੇ ਪਾਬੰਦੀ ਲਗਾਉਣ ਦੇ ਪ੍ਰਸਤਾਵ ਨੂੰ ਯੂ. ਐੱਨ. ਦੀ ਕਮੇਟੀ 'ਚ ਲਟਕਾ ਦਿੱਤਾ ਸੀ। ਇਸ ਦੇ ਬਾਅਦ ਅਮਰੀਕਾ ਨੇ ਅਜ਼ਹਰ ਨੂੰ ਬਲੈਕਲਿਸਟ ਕਰਨ ਲਈ ਸਿੱਧੇ ਸੁਰੱਖਿਆ ਪ੍ਰੀਸ਼ਦ 'ਚ ਪ੍ਰਸਤਾਵ ਲਿਆਉਣ ਦਾ ਫੈਸਲਾ ਕੀਤਾ ਹੈ।

ਮਸੂਦ ਅਜ਼ਹਰ ਪਾਕਿਸਤਾਨ ਸਥਿਤ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦਾ ਸਰਗਨਾ ਹੈ। ਉਹ ਭਾਰਤ 'ਚ ਹੋਏ ਪੁਲਵਾਮਾ ਅੱਤਵਾਦੀ ਹਮਲੇ ਦੇ ਨਾਲ-ਨਾਲ ਹੋਰ ਕਈ ਹਮਲਿਆਂ ਦਾ ਜ਼ਿੰਮੇਵਾਰ ਹੈ। 

ਜੈਸ਼-ਏ-ਮੁਹੰਮਦ ਨੇ 14 ਫਰਵਰੀ, 2019 ਨੂੰ ਪੁਲਵਾਮਾ 'ਚ ਸੀ. ਪੀ. ਆਰ. ਐੱਫ. ਦੇ ਕਾਫਲੇ 'ਤੇ ਆਤਮਘਾਤੀ ਹਮਲਾ ਕਰਵਾਉਣ ਦੀ ਜ਼ਿੰਮੇਵਾਰੀ ਲਈ ਸੀ। ਹਮਲੇ 'ਚ ਸੀ. ਪੀ. ਆਰ. ਐੱਫ. ਦੇ 40 ਜਵਾਨ ਸ਼ਹੀਦ ਹੋ ਗਏ ਸਨ ਅਤੇ ਇਸ ਨਾਲ ਭਾਰਤ ਤੇ ਪਾਕਿਸਤਾਨ ਵਿਚਕਾਰ ਤਣਾਅ ਕਾਫੀ ਵਧ ਗਿਆ ਸੀ। ਅਜੇ ਇਹ ਸਾਫ ਨਹੀਂ ਹੈ ਕਿ ਡਰਾਫਟ 'ਤੇ ਵੋਟਿੰਗ ਕਦੋਂ ਹੋਵੇਗੀ ਪਰ ਪਿਛਲੀ ਵਾਰ ਵਾਂਗ ਇਸ ਵਾਰ ਵੀ ਚੀਨ ਇਸ 'ਤੇ ਵੀਟੋ ਦੀ ਵਰਤੋਂ ਕਰ ਸਕਦਾ ਹੈ। ਬ੍ਰਿਟੇਨ, ਅਮਰੀਕਾ, ਫਰਾਂਸ ਅਤੇ ਰੂਸ ਦੇ ਨਾਲ-ਨਾਲ ਚੀਨ ਵੀ ਸੁਰੱਖਿਆ ਪ੍ਰੀਸ਼ਦ ਦੇ 5 ਸਥਾਈ ਮੈਂਬਰਾਂ 'ਚ ਸ਼ਾਮਲ ਹੈ, ਇਨ੍ਹਾਂ ਸਾਰਿਆਂ ਕੋਲ ਵੀਟੋ ਦਾ ਅਧਿਕਾਰ ਹੈ।

ਮਸੂਦ ਅਜ਼ਹਰ ਨੂੰ ਬਲੈਕਲਿਸਟ ਕਰਨ ਲਈ ਸੰਯੁਕਤ ਰਾਸ਼ਟਰ ਪਾਬੰਦੀਸ਼ੁਦਾ ਕਮੇਟੀ 'ਚ 4 ਵਾਰ ਕੋਸ਼ਿਸ਼ ਕਰ ਚੁੱਕੇ ਹਨ। ਚੀਨ ਨੇ ਇਨ੍ਹਾਂ 'ਚੋਂ 3 ਕੋਸ਼ਿਸ਼ਾਂ ਨੂੰ ਬਲਾਕ ਕੀਤਾ ਹੈ ਅਤੇ ਹਾਲ ਹੀ ਦੀ ਕੋਸ਼ਿਸ਼ 'ਤੇ ਤਕਨੀਕੀ ਰੋਕ ਲਗਾ ਦਿੱਤੀ ਹੈ, ਜਿਸ ਕਾਰਨ ਇਹ ਪ੍ਰਸਤਾਵ 9 ਮਹੀਨਿਆਂ ਲਈ ਹੋਲਡ 'ਤੇ ਹੈ। ਜੈਸ਼-ਏ-ਮੁਹੰਮਦ ਤਾਂ 2001 ਤੋਂ ਹੀ ਸੰਯੁਕਤ ਰਾਸ਼ਟਰ ਦੀ ਪਾਬੰਦੀਸ਼ੁਦਾ ਅੱਤਵਾਦੀ ਸੰਗਠਨਾਂ ਦੀ ਸੂਚੀ 'ਚ ਸ਼ਾਮਲ ਹੈ ਪਰ ਇਸ ਦਾ ਸਰਗਨਾ ਮਸੂਦ ਅਜ਼ਹਰ ਗਲੋਬਲ ਅੱਤਵਾਦੀਆਂ ਦੀ ਸੂਚੀ 'ਚ ਸ਼ਾਮਲ ਨਹੀਂ ਹੈ।