ਇਕ ਹੀ ਝਟਕੇ ’ਚ ਗਈ ਉੱਤਰ ਪ੍ਰਦੇਸ਼ ਦੇ 25 ਹਜ਼ਾਰ ਹੋਮ ਗਾਰਡਾਂ ਦੀ ਨੌਕਰੀ

10/15/2019 5:27:54 PM

ਲਖਨਊ— ਉੱਤਰ ਪ੍ਰਦੇਸ਼ ਪੁਲਸ ਵਿਭਾਗ ਨੇ ਵੱਖ-ਵੱਖ ਜ਼ਿਲਿਆਂ 'ਚ ਤਾਇਨਾਤ 25,000 ਹੋਮ ਗਾਰਡਾਂ ਦੀਆਂ ਸੇਵਾਵਾਂ ਤੁਰੰਤ ਪ੍ਰਭਾਵ ਤੋਂ ਖਤਮ ਕਰ ਦਿੱਤੀਆਂ ਹਨ। ਇਹ ਕਾਰਵਾਈ ਅਜਿਹੇ ਸਮੇਂ 'ਚ ਕੀਤੀ ਗਈ ਹੈ, ਜਦੋਂ ਦੀਵਾਲੀ 'ਚ ਮਹਿਜ ਕੁਝ ਦਿਨ ਹੀ ਬਾਕੀ ਰਹਿ ਗਏ ਹਨ। ਜਾਣਕਾਰੀ ਮੁਤਾਬਕ ਉੱਤਰ ਪ੍ਰਦੇਸ਼ ਪੁਲਸ ਹੈੱਡਕੁਆਰਟਰ ਵਲੋਂ ਹੁਕਮ ਜਾਰੀ ਕੀਤਾ ਗਿਆ। ਮੁੱਖ ਸਕੱਤਰ ਦੀ ਪ੍ਰਧਾਨਗੀ 'ਚ 28 ਅਗਸਤ 2019 ਨੂੰ ਹੋਈ ਚਰਚਾ 'ਚ ਇਹ ਫੈਸਲਾ ਲਿਆ ਗਿਆ ਸੀ। ਸੂਤਰਾਂ ਮੁਤਾਬਕ ਬਜਟ ਦੀ ਕਮੀ ਕਾਰਨ ਹੋਮ ਗਾਰਡਾਂ ਦੇ ਜਵਾਨਾਂ ਨੂੰ ਹਟਾਉਣ ਦਾ ਫੈਸਲਾ ਲਿਆ ਗਿਆ। ਇਸ ਫੈਸਲੇ ਤੋਂ ਬਾਅਦ ਪੁਲਸ ਵਿਭਾਗ ਨੂੰ ਸੇਵਾਵਾਂ ਦੇ ਰਹੇ 25,000 ਹੋਮ ਗਾਰਡ ਬੇਰੋਜ਼ਗਾਰ ਹੋ ਗਏ ਹਨ। 


ਦਰਅਸਲ ਪਿਛਲੇ ਦਿਨੀਂ ਸੁਪਰੀਮ ਕੋਰਟ ਨੇ ਆਪਣੇ ਹੁਕਮ ਵਿਚ ਕਿਹਾ ਸੀ ਕਿ ਹੋਮ ਗਾਰਡਾਂ ਨੂੰ ਮਿਲਣ ਵਾਲਾ ਭੱਤਾ ਪੁਲਸ ਦੇ ਬਰਾਬਰ ਹੋਣਾ ਚਾਹੀਦਾ ਹੈ। ਕੋਰਟ ਨੇ ਹੋਮ ਗਾਰਡਾਂ ਦਾ ਰੋਜ਼ਾਨਾ ਦਾ ਭੱਤਾ 500 ਰੁਪਏ ਤੋਂ ਵਧਾ ਕੇ 672 ਰੁਪਏ ਕਰਨ ਨੂੰ ਲੈ ਕੇ ਹੁਕਮ ਦਿੱਤਾ ਸੀ। ਕੋਰਟ ਦੇ ਇਸ ਹੁਕਮ ਤੋਂ ਬਾਅਦ ਹੋਮ ਗਾਰਡ ਦੇ ਜਵਾਨਾਂ ਨੂੰ ਵੱਡੀ ਰਾਹਤ ਮਿਲਣ ਦੀ ਉਮੀਦ ਸੀ ਪਰ ਪੁਲਸ ਮਹਿਕਮੇ ਦੇ ਇਸ ਫੈਸਲੇ ਤੋਂ ਹੁਣ ਉਨ੍ਹਾਂ ਨੂੰ ਮਾਯੂਸੀ ਹੱਥ ਲੱਗੀ। ਯੂ. ਪੀ. ਪੁਲਸ ਨੇ 25,000 ਜਵਾਨਾਂ ਦੀਆਂ ਸੇਵਾਵਾਂ ਲੈਣ ਤੋਂ ਇਨਕਾਰ ਕਰ ਦਿੱਤਾ ਹੈ, ਕਿਉਂਕਿ ਸਰਕਾਰ ਬਜਟ ਵਧਾਉਣ ਨੂੰ ਤਿਆਰ ਨਹੀਂ ਹੈ। ਉੱਤਰ ਪ੍ਰਦੇਸ਼ ਵਿਚ ਲੱਗਭਗ 1 ਲੱਖ ਹੋਮ ਗਾਰਡ ਆਪਣੀਆਂ ਸੇਵਾਵਾਂ ਦੇ ਰਹੇ ਹਨ। ਓਧਰ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਲਦੀ ਹੀ ਇਨ੍ਹਾਂ ਹੋਮ ਗਾਰਡਾਂ ਦੀ ਵਾਪਸੀ ਹੋਵੇਗੀ।

Tanu

This news is Content Editor Tanu