ਕੋਰੋਨਾ : ਵਿਚਾਲੇ ਰਹਿ ਗਏ ਲਾੜੇ ਦੇ ਵਿਆਹ ਦੇ ਚਾਅ, ਜਦੋਂ ਪੁਲਸ ਨੇ ਘੇਰਿਆ ਰਾਹ

06/07/2020 11:00:22 AM

ਬੁਲੰਦਸ਼ਹਿਰ (ਵਾਰਤਾ)— ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ 'ਚ ਖੁਰਜਾ ਨਗਰ ਦੇ ਕੋਰੋਨਾ ਹੌਟਸਪੌਟ ਜ਼ੋਨ ਤੋਂ ਚੋਰੀ ਛਿਪੇ ਮੇਰਠ ਪੁੱਜੀ ਇਕ ਬਰਾਤ ਦੀ ਸੂਚਨਾ ਮਿਲਣ 'ਤੇ ਪੁਲਸ ਨੇ ਲਾੜੇ ਸਮੇਤ 3 ਲੋਕਾਂ ਵਿਰੁੱਧ ਰਿਪੋਰਟ ਦਰਜ ਕੀਤੀ ਹੈ। ਐੱਸ. ਐੱਸ. ਪੀ. ਸੰਤੋਸ਼ ਕੁਮਾਰ ਨੇ ਐਤਵਾਰ ਭਾਵ ਅੱਜ ਦੱਸਿਆ ਕਿ ਖੁਰਜਾ ਦਾ ਮੁਹੱਲਾ ਚੌਹੱਟਾ 'ਚ ਕੋਰੋਨਾ ਪਾਜ਼ੇਟਿਵ ਰੋਗੀ ਮਿਲਣ ਕਾਰਨ ਹੌਟਸਪੌਟ ਖੇਤਰ ਐਲਾਨ ਕੀਤਾ ਹੈ। ਸ਼ਨੀਵਾਰ ਸ਼ਾਮ ਇਸੇ ਮੁਹੱਲੇ ਦੇ ਹਾਜ਼ੀ ਹਬੀਬ ਆਪਣੇ ਪੁੱਤਰ ਹਿਫਜ਼ੂਰਹਿਮਾਨ ਦੀ ਬਰਾਤ ਲੈ ਕੇ ਚੁੱਪ-ਚੁਪੀਤੇ ਮੇਰਠ ਪਹੁੰਚ ਗਏ।

ਇਸ ਗੱਲ ਦੀ ਜਾਣਕਾਰੀ ਪੁਲਸ ਅਧਿਕਾਰੀਆਂ ਨੂੰ ਲੱਗੀ ਤਾਂ ਲਾੜੇ ਸਮੇਤ ਪੂਰੀ ਬਰਾਤ ਨੂੰ ਭਾਜੜਾਂ ਪੈ ਗਈਆਂ। ਦੇਰ ਰਾਤ ਖੁਰਜਾ ਕੋਤਵਾਲੀ ਵਿਚ ਲਾੜਾ ਹਿਫਜ਼ੂਰਹਿਮਾਨ ਉਸ ਦੇ ਪਿਤਾ ਹਬੀਬ ਅਤੇ ਰਫੀ ਵਿਰੁੱਧ ਹੌਟਸਪੌਟ ਨਿਯਮਾਂ ਦਾ ਉਲੰਘਣ ਕਰਨ ਦੇ ਦੋਸ਼ ਵਿਚ ਰਿਪੋਰਟ ਦਰਜ ਕੀਤੀ ਗਈ ਹੈ।

ਇਸ ਤੋਂ ਬਾਅਦ ਸਿਹਤ ਮਹਿਕਮੇ ਦੀ ਟੀਮ ਨੇ ਪਹੁੰਚ ਕੇ ਦੋਸ਼ੀ ਪਰਿਵਾਰ ਦੇ 4 ਮੈਂਬਰਾਂ ਦੇ ਨਮੂਨੇ ਲਏ, ਜੋ ਕਿ ਜਾਂਚ ਲਈ ਭੇਜੇ ਗਏ ਹਨ। ਪੁਲਸ ਅਧਿਕਾਰੀਆਂ ਨੇ ਮੁਹੱਲੇ ਦੇ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਹੌਟਸਪੌਟ ਨਿਯਮਾਂ ਦਾ ਪਾਲਣ ਸਾਰਿਆਂ ਨੂੰ ਕਰਨਾ ਜ਼ਰੂਰੀ ਹੈ, ਤਾਂ ਹੀ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਿਆ ਜਾ ਸਕੇਗਾ। ਅਧਿਕਾਰੀਆਂ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਨਿਯਮਾਂ ਦਾ ਉਲੰਘਣ ਕਰਨ 'ਤੇ ਉਨ੍ਹਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ। ਦੱਸਣਯੋਗ ਹੈ ਕਿ ਕੋਰੋਨਾ ਵਾਇਰਸ ਦੇ ਕਹਿਰ ਦਰਮਿਆਨ ਲੋਕਾਂ ਵਲੋਂ ਨਿਯਮਾਂ ਦਾ ਪਾਲਣ ਨਹੀਂ ਕੀਤਾ ਜਾ ਰਿਹਾ ਹੈ, ਅਜਿਹਾ ਕਰ ਕੇ ਲੋਕਾਂ ਖੁਦ ਨੂੰ ਮੁਸੀਬਤ 'ਚ ਪਾ ਰਹੇ ਹਨ।

Tanu

This news is Content Editor Tanu