UP 'ਚ ਫਿਰ ਵਾਪਰਿਆ 'ਓਨਾਵ ਕਾਂਡ' ਸਾੜੀ ਗਈ ਇਕ ਹੋਰ ਰੇਪ ਪੀੜਤਾ ਦੀ ਮੌਤ

12/19/2019 11:05:19 AM

ਫਤਿਹਪੁਰ—ਉਤਰ ਪ੍ਰਦੇਸ਼ ਦੇ ਫਤਿਹਪੁਰ ਜ਼ਿਲੇ 'ਚ ਜੀਉਂਦੀ ਸਾੜੀ ਗਈ 18 ਸਾਲਾ ਰੇਪ ਪੀੜਤਾ ਦੀ ਕਾਨਪੁਰ ਦੇ ਹਸਪਤਾਲ 'ਚ ਅੱਜ ਇਲਾਜ ਦੌਰਾਨ ਮੌਤ ਹੋ ਗਈ। ਦੱਸ ਦੇਈਏ ਕਿ ਬੀਤੇ ਦਿਨੀਂ 14 ਦਸੰਬਰ ਨੂੰ ਹੁਸੈਨਗੰਜ ਥਾਣਾ ਖੇਤਰ ਦੇ ਇੱਕ ਪਿੰਡ 'ਚ ਲੜਕੀ ਨਾਲ ਰੇਪ ਕੀਤਾ ਗਿਆ ਅਤੇ ਇਸ ਤੋਂ ਬਾਅਦ ਪੀੜਤਾ ਨੂੰ ਅੱਗ ਲਗਾ ਦਿੱਤੀ ਗਈ ਸੀ। ਦੱਸਿਆ ਜਾਂਦਾ ਹੈ ਕਿ 90 ਫੀਸਦੀ ਤੱਕ ਝੁਲਸੀ ਪੀੜਤਾ ਦਾ ਕਾਨਪੁਰ ਦੇ ਐੱਲ.ਐੱਲ.ਆਰ. ਹਸਪਤਾਲ 'ਚ ਇਲਾਜ ਚੱਲ ਰਿਹਾ ਸੀ। ਡਾਕਟਰਾਂ ਨੇ ਦੱਸਿਆ ਹੈ ਕਿ ਪੀੜਤਾ ਨੂੰ ਹਸਪਤਾਲ 'ਚ ਭਰਤੀ ਕਰਵਾਉਣ ਤੋਂ ਬਾਅਦ ਹੀ ਵੈਂਟੀਲੇਟਰ 'ਤੇ ਰੱਖਿਆ ਗਿਆ ਸੀ। ਉਸ ਦੀ ਹਾਲਤ ਕਾਫੀ ਖਰਾਬ ਸੀ। ਹਸਪਤਾਲ ਪ੍ਰਸ਼ਾਸਨ ਨੇ ਪੀੜਤਾ ਦੀ ਮੌਤ ਦੀ ਜਾਣਕਾਰੀ ਸ਼ਾਸਨ ਤੇ ਜਿਲਾ ਅਧਿਕਾਰੀਆਂ ਨੂੰ ਦੇ ਦਿੱਤੀ ਸੀ। ਇਸ ਤੋਂ ਇਲਾਵਾ ਪੀੜਤਾ ਦੇ ਪਿਤਾ ਨੇ ਦੋਸ਼ ਲਗਾਇਆ ਹੈ ਕਿ ਲੜਕੀ ਨੂੰ ਇਲਾਜ ਲਈ ਦਿੱਲੀ ਦੇ ਸਫਦਰਗੰਜ ਹਸਪਤਾਲ ਚ ਭੇਜੇ ਜਾਣ ਦੀ ਬੇਨਤੀ ਸੂਬਾ ਸਰਕਾਰ ਨੂੰ ਕੀਤੀ ਸੀ ਪਰ ਸਰਕਾਰ ਵੱਲੋਂ ਹੁਣ ਤੱਕ ਕੋਈ ਵੀ ਸਕਾਰਤਮਕ ਪ੍ਰਤੀਕਿਰਿਆ ਨਹੀਂ ਮਿਲੀ ਅਤੇ ਉਨ੍ਹਾਂ ਦੀ ਬੇਟੀ ਦੀ ਮੌਤ ਹੋ ਗਈ। 

ਫਤਿਹਪੁਰ ਦੇ ਨਗਰ ਪੁਲਸ ਡਿਪਟੀ ਸੁਪਰਡੈਂਟ (ਸੀ.ਓ.) ਕਪਿਲ ਦੇਵ ਮਿਸ਼ਰਾ ਨੇ ਦੱਸਿਆ ਕਿ ਹੁਸੇਨਗੰਜ ਥਾਣਾ ਖੇਤਰ ਦੇ ਇਕ ਪਿੰਡ 'ਚ ਸ਼ਨੀਵਾਰ ਦੁਪਹਿਰ 18 ਸਾਲ ਦੀ ਕੁੜੀ ਆਪਣੇ ਘਰ 'ਚ ਇਕੱਲੀ ਸੀ। ਪਰਿਵਾਰ ਦੇ ਹੋਰ ਮੈਂਬਰ ਖੇਤਾਂ 'ਚ ਕੰਮ ਕਰ ਰਹੇ ਸਨ। ਉਸੇ ਸਮੇਂ ਉਸ ਦੇ ਰਿਸਤੇ ਦੇ 22 ਸਾਲਾ ਚਾਚਾ ਨੇ ਘਰ 'ਚ ਦਾਖਲ ਹੋ ਕੇ ਕੁੜੀ ਨਾਲ ਰੇਪ ਕੀਤਾ ਅਤੇ ਕੁੜੀ ਦੇ ਸ਼ਿਕਾਇਤ ਕਰਨ ਦੀ ਗੱਲ 'ਤੇ ਨਾਰਾਜ਼ ਹੋ ਕੇ ਉਸ ਦੇ ਉੱਪਰ ਮਿੱਟੀ ਦਾ ਤੇਲ ਸੁੱਟ ਕੇ ਅੱਗ ਲੱਗਾ ਦਿੱਤੀ। 

90 ਫੀਸਦੀ ਤੱਕ ਸੜ ਚੁੱਕੀ ਸੀ ਪੀੜਤਾ
ਮਿਸ਼ਰਾ ਨੇ ਦੱਸਿਆ ਕਿ ਅੱਗ ਦੀਆਂ ਲਪਟਾਂ 'ਚ ਘਿਰੀ ਕੁੜੀ ਦੀ ਚੀਕ ਸੁਣ ਕੇ ਪਿੰਡ ਵਾਲਿਆਂ ਨੇ ਕਿਸੇ ਤਰ੍ਹਾਂ ਅੱਗ ਬੁਝਾਉਣ ਅਤੇ ਪੁਲਸ ਨੂੰ ਸੂਚਨਾ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਕੁੜੀ 90 ਫੀਸਦੀ ਸੜ ਚੁਕੀ ਹੈ। ਪਹਿਲਾਂ ਉਸ ਨੂੰ ਸਥਾਨਕ ਸਿਹਤ ਕੇਂਦਰ ਲਿਜਾਇਆ ਗਿਆ। ਉੱਥੋਂ ਮੁੱਢਲੇ ਇਲਾਜ ਤੋਂ ਬਾਅਦ ਕਾਨਪੁਰ ਦੇ ਇਕ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਸੀ.ਓ. ਨੇ ਦੱਸਿਆ ਕਿ ਕੁੜੀ ਦੇ ਪਿਤਾ ਦੀ ਸ਼ਿਕਾਇਤ 'ਤੇ ਦੋਸ਼ੀ ਨੌਜਵਾਨ ਵਿਰੁੱਧ ਰੇਪ ਅਤੇ ਕਤਲ ਦੀ ਕੋਸ਼ਿਸ਼ ਦਾ ਮੁਕੱਦਮਾ ਦਰਜ ਕਰ ਲਿਆ ਗਿਆ ਹੈ। 

ਪੀੜਤਾ ਤੇ ਦੋਸ਼ੀ ਦਰਮਿਆਨ ਪ੍ਰੇਮ ਪ੍ਰਸੰਗ ਹੋਣ ਦੀ ਜਾਣਕਾਰੀ ਮਿਲੀ
ਮਿਸ਼ਰਾ ਨੇ ਹੁਣ ਤੱਕ ਦੀ ਜਾਂਚ ਦਾ ਹਵਾਲਾ ਦੇ ਕੇ ਦੱਸਿਆ ਕਿ ਪੀੜਤਾ ਅਤੇ ਦੋਸ਼ੀ ਨੌਜਵਾਨ ਦਰਮਿਆਨ ਪ੍ਰੇਮ ਪ੍ਰਸੰਗ ਹੋਣ ਦੀ ਜਾਣਕਾਰੀ ਮਿਲੀ ਹੈ। ਦੋਹਾਂ ਪੱਖਾਂ ਦਰਮਿਆਨ ਸ਼ੁੱਕਰਵਾਰ ਨੂੰ ਪੰਚਾਇਤ ਹੋਣ ਦੀ ਗੱਲ ਵੀ ਸਾਹਮਣੇ ਆਈ ਹੈ, ਜਿਸ 'ਚ ਦੋਹਾਂ ਪੱਖਾਂ ਦਰਮਿਆਨ ਵਿਆਹ ਲਈ ਸਹਿਮਤੀ ਬਣੀ। ਉਨ੍ਹਾਂ ਨੇ ਕਿਹਾ ਕਿ ਇੰਨਾ ਸਭ ਹੋਣ ਤੋਂ ਬਾਅਦ ਰੇਪ ਕਰ ਕੇ ਪੀੜਤਾ ਨੂੰ ਸਾੜਨ ਜਾਣ ਦੀ ਘਟਨਾ ਸਮਝ ਤੋਂ ਬਾਹਰ ਹੈ। ਜ਼ਿਕਰਯੋਗ ਹੈ ਕਿ ਓਨਾਵ ਜ਼ਿਲੇ ਦੇ ਬਿਹਾਰ ਥਾਣਾ ਖੇਤਰ 'ਚ ਇਸੇ ਤਰ੍ਹਾਂ 5 ਦਸੰਬਰ ਨੂੰ ਇਕ ਰੇਪ ਪੀੜਤਾ ਨੂੰ 5 ਦੋਸ਼ੀਆਂ ਨੇ ਅੱਗ ਦੇ ਹਵਾਲੇ ਕਰ ਦਿੱਤਾ ਸੀ, ਜਿਸ ਦੀ ਇਲਾਜ ਦੌਰਾਨ ਦਿੱਲੀ ਦੇ ਸਫ਼ਦਰਗੰਜ ਹਸਪਤਾਲ 'ਚ ਮੌਤ ਹੋ ਗਈ ਸੀ।


Iqbalkaur

Content Editor

Related News