UP ਚੋਣਾਂ 2022: 5ਵੇਂ ਪੜਾਅ ’ਚ 61 ਸੀਟਾਂ ’ਤੇ ਭਲਕੇ ਪੈਣਗੀਆਂ ਵੋਟਾਂ, 692 ਉਮੀਦਵਾਰ ਅਜਮਾਉਣਗੇ ਕਿਸਮਤ

02/26/2022 12:38:22 PM

ਲਖਨਊ (ਭਾਸ਼ਾ)– ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੇ 5ਵੇਂ ਪੜਾਅ ’ਚ ਸੂਬੇ ਦੇ 12 ਜ਼ਿਲ੍ਹਿਆਂ ਦੀਆਂ 61 ਸੀਟਾਂ ’ਤੇ ਐਤਵਾਰ ਨੂੰ ਵੋਟਾਂ ਪੈਣਗੀਆਂ। ਸੂਬੇ ਦੇ ਮੁੱਖ ਚੋਣ ਅਧਿਕਾਰੀ ਅਜੇ ਕੁਮਾਰ ਸ਼ੁਕਲਾ ਨੇ ਦੱਸਿਆ ਕਿ 5ਵੇਂ ਪੜਾਅ ਲਈ ਵੋਟਿੰਗ ਦੀ ਤਿਆਰੀ ਪੂਰੀ ਕਰ ਲਈ ਗਈ ਹੈ। ਵੋਟਾਂ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਪੈਣਗੀਆਂ। 5ਵੇਂ ਪੜਾਅ ’ਚ 692 ਉਮੀਦਵਾਰ ਚੋਣ ਮੈਦਾਨ ’ਚ ਹਨ, ਜਿਨ੍ਹਾਂ ਦੀ ਸਿਆਸੀ ਕਿਸਮਤ ਦਾ ਫ਼ੈਸਲਾ ਕਰੀਬ 2.24 ਕਰੋੜ ਵੋਟਰ ਕਰਨਗੇ। ਚੌਥੇ ਪੜਾਅ ਦੀ ਵੋਟਿੰਗ ਪੂਰੀ ਹੋਣ ਮਗਰੋਂ ਸੂਬੇ ਦੀਆਂ 403 ਵਿਧਾਨ ਸਭਾ ਸੀਟਾਂ ’ਚੋਂ ਹੁਣ ਤਕ 231 ਸੀਟਾਂ ’ਤੇ ਵੋਟਾਂ ਪੈ ਚੁੱਕੀਆਂ ਹਨ। 

ਐਤਵਾਰ ਨੂੰ 61 ਸੀਟਾਂ ’ਤੇ ਵੋਟਿੰਗ ਮਗਰੋਂ 292 ਸੀਟਾਂ ਦੀ ਵੋਟਿੰਗ ਪੂਰੀ ਹੋ ਜਾਵੇਗੀ। ਇਸ ਤੋਂ ਬਾਅਦ ਆਖ਼ਰੀ ਦੋ ਪੜਾਵਾਂ ’ਚ 3 ਮਾਰਚ ਅਤੇ 7 ਮਾਰਚ ਨੂੰ 111 ਸੀਟਾਂ ’ਤੇ ਵੋਟਾਂ ਪੈਣਗੀਆਂ। ਸੂਬੇ ’ਚ 10 ਫਰਵਰੀ ਤੋਂ 7 ਮਾਰਚ ਤਕ 7 ਪੜਾਵਾਂ ’ਚ ਚੋਣ ਪ੍ਰੋਗਰਾਮ ਪ੍ਰਸਤਾਵਿਤ ਹੈ। 5ਵੇਂ ਪੜਾਅ ’ਚ ਸੁਲਤਾਨਪੁਰ, ਚਿਤਰਕੂਟ, ਪ੍ਰਤਾਪਗੜ੍ਹ, ਕੌਸ਼ਾਂਬੀ, ਪ੍ਰਯਾਗਰਾਜ, ਬਾਰਾਬੰਕੀ, ਅਯੁੱਧਿਆ, ਗੋਂਡਾ, ਸ਼ਾਵਸਤੀ, ਅਮੇਠੀ ਅਤੇ ਰਾਏਬਰੇਲੀ ਜ਼ਿਲ੍ਹਿਆਂ ’ਚ ਵੋਟਾਂ ਪੈਣੀਆਂ ਹਨ। 

ਜ਼ਿਕਰਯੋਗ ਹੈ ਕਿ 5ਵੇਂ ਪੜਾਅ ’ਚ ਉੱਤਰ ਪ੍ਰਦੇਸ਼ ਦੇ ਉੱਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ ਆਪਣੇ ਗ੍ਰਹਿ ਜ਼ਿਲ੍ਹੇ ਕੌਸ਼ਾਂਬੀ ਦੇ ਸਿਰਾਥੂ ਵਿਧਾਨ ਸਭਾ ਖੇਤਰ ਤੋਂ ਭਾਜਪਾ ਦੇ ਉਮੀਦਵਾਰ ਹਨ, ਜਿਨ੍ਹਾਂ ਦੇ ਮੁਕਾਬਲੇ ਸਮਾਜਵਾਦੀ ਪਾਰਟੀ ਨੇ ਆਪਣਾ ਦਲ ਦੀ ਨੇਤਾ ਪੱਲਵੀ ਪਟੇਲ ਨੂੰ ਮੈਦਾਨ ’ਚ ਉਤਾਰਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰੱਖਿਆ ਮੰਤਰੀ ਰਾਜਨਾਥ ਸਿੰਘ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ 5ਵੇਂ ਪੜਾਅ ਉਨ੍ਹਾਂ ਚੋਣਾਵੀ ਖੇਤਰਾਂ ’ਚ ਚੋਣ ਪ੍ਰਚਾਰ ਕੀਤਾ, ਜਿੱਥੇ ਵੋਟਰ 27 ਫਰਵਰੀ ਨੂੰ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰਨਗੇ।


Tanu

Content Editor

Related News