ਜਨਮ ਅਸ਼ਟਮੀ ਮੌਕੇ ਮਥੁਰਾ ਦੇ ਬਾਂਕੇ ਬਿਹਾਰੀ ਮੰਦਰ ’ਚ ਮਚੀ ਭਾਜੜ, ਦੋ ਸ਼ਰਧਾਲੂਆਂ ਦੀ ਮੌਤ

08/20/2022 10:40:48 AM

ਮਥੁਰਾ- ਉੱਤਰ ਪ੍ਰਦੇਸ਼ ਦੇ ਵਰਿੰਦਾਵਨ ’ਚ ਬਾਂਕੇ ਬਿਹਾਰੀ ਮੰਦਰ ’ਚ ਸ਼ੁੱਕਰਵਾਰ ਦੇਰ ਰਾਤ ਠਾਕੁਰ ਜੀ ਦੇ ਮਹਾਭਿਸ਼ੇਕ ਮਗਰੋਂ ਮੰਗਲਾ ਆਰਤੀ ਦੇ ਸਮੇਂ ਭਗਵਾਨ ਦੀ ਇਕ ਝਲਕ ਪਾਉਣ ਲਈ ਮਚੀ ਭਾਜੜ ’ਚ ਦੋ ਸ਼ਰਧਾਲੂਆਂ ਦੀ ਦੱਬ ਕੇ ਮੌਤ ਹੋ ਗਈ, ਜਦਕਿ 7 ਹੋਰ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਸ਼ਨੀਵਾਰ ਯਾਨੀ ਕਿ ਅੱਜ ਇਹ ਜਾਣਕਾਰੀ ਦਿੱਤੀ।

ਓਧਰ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਇਸ ਹਾਦਸੇ ’ਤੇ ਡੂੰਘਾ ਦੁੱਖ ਜ਼ਾਹਰ ਕੀਤਾ ਹੈ। ਸਿਟੀ ਮੈਜਿਸਟ੍ਰੇਟ ਸੌਰਭ ਦੁੱਬੇ ਨੇ ਦੱਸਿਆ ਕਿ ਹਾਦਸੇ ’ਚ ਮਾਰੇ ਗਏ ਲੋਕਾਂ ਦੀ ਪਛਾਣ ਨੋਇਡਾ ਸੈਕਟਰ-99 ਦੀ ਰਹਿਣ ਵਾਲੀ ਨਿਰਮਲਾ ਦੇਵੀ ਅਤੇ ਰੁਕਮਣੀ ਬਿਹਾਰ ਕਾਲੋਨੀ ਵਾਸੀ ਰਾਮ ਪ੍ਰਸਾਦ ਵਿਸ਼ਵਕਰਮਾ ਵਜੋਂ ਹੋਈ ਹੈ। ਉਨ੍ਹਾਂ ਨੇ ਦੱਸਿਆ ਕਿ ਰਿਸ਼ਤੇਦਾਰਾਂ ਨੇ ਲਾਸ਼ਾਂ ਦਾ ਪੋਸਟਮਾਰਟਮ ਕਰਾਉਣ ਤੋਂ ਇਨਕਾਰ ਕਰ ਦਿੱਤਾ ਅਤੇ ਸ਼ਨੀਵਾਰ ਸਵੇਰੇ ਲਾਸ਼ਾਂ ਨੂੰ ਘਰ ਲੈ ਕੇ ਗਏ।

ਪੁਲਸ ਅਧਿਕਾਰੀ ਦੁਬੇ ਮੁਤਾਬਕ ਮੰਦਰ ’ਚ ਜਿਸ ਸਮੇਂ ਭਾਜੜ ਮਚੀ, ਉਸ ਸਮੇਂ ਜ਼ਿਲ੍ਹਾ ਅਧਿਕਾਰੀ ਨਵਨੀਤ ਸਿੰਘ ਚਹਿਲ, ਸੀਨੀਅਰ ਪੁਲਸ ਅਧਿਕਾਰੀ ਅਭਿਸ਼ੇਕ ਯਾਦਵ ਅਤੇ ਨਗਰ ਕਮਿਸ਼ਨਰ ਅਨੁਨਯ ਝਾਅ ਸਮੇਤ ਭਾਰੀ ਪੁਲਸ ਫੋਰਸ ਤਾਇਨਾਸ ਸੀ। ਉਨ੍ਹਾਂ ਨੇ ਦੱਸਿਆ ਕਿ ਭਾਜੜ ਮਚਦੇ ਹੀ ਪੁਲਸ ਅਤੇ ਨਿੱਜੀ ਸੁਰੱਖਿਆ ਕਰਮੀਆਂ ਨੇ ਸ਼ਰਧਾਲੂਆਂ ਨੂੰ ਮੰਦਰ ’ਚੋਂ ਬਾਹਰ ਕੱਢਣਾ ਸ਼ੁਰੂ ਕਰ ਦਿੱਤਾ। ਇਸ ਹਾਦਸੇ ’ਚ ਜ਼ਖਮੀ ਹੋਏ ਸ਼ਰਧਾਲੂਆਂ ਨੂੰ ਵਰਿੰਦਾਵਨ ਦੇ ਰਾਮ ਕ੍ਰਿਸ਼ਨ ਸੇਵਾ ਮਿਸ਼ਨ, ਬ੍ਰਜ ਹੈੱਲਥ ਕੇਅਰ ਅਤੇ ਸੌ ਸ਼ਈਆ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਦੁਬੇ ਮੁਤਾਬਕ ਮੰਦਰ ’ਚ ਸਥਿਤੀ ਹੁਣ ਪੂਰੀ ਤਰ੍ਹਾਂ ਆਮ ਹੈ ਅਤੇ ਸ਼ਰਧਾਲੂ ਨਿਰਵਿਘਨ ਦਰਸ਼ਨ ਕਰ ਰਹੇ ਹਨ।

Tanu

This news is Content Editor Tanu