3 ਸਾਲ ਦੀ ਬੱਚੀ ਨੂੰ ਅਗਵਾ ਕਰ ਕੀਤਾ ਜਬਰ-ਜ਼ਿਨਾਹ, ਅਦਾਲਤ ਨੇ ਮੁਲਜ਼ਮ ਨੂੰ ਸੁਣਾਈ 26 ਸਾਲ ਦੀ ਸਜ਼ਾ

11/04/2023 12:27:05 PM

ਕਨੌਜ- ਉੱਤਰ ਪ੍ਰਦੇਸ਼ ਦੇ ਕਨੌਜ ਦੀ ਇਕ ਵਿਸ਼ੇਸ਼ ਪੋਕਸੋ (ਯੌਨ ਅਪਰਾਧਾਂ ਤੋਂ ਬੱਚਿਆਂ ਦੀ ਸੁਰੱਖਿਆ) ਅਦਾਲਤ ਨੇ ਇਕ ਨਾਬਾਲਗ ਕੁੜੀ ਨੂੰ ਅਗਵਾ ਕਰ ਉਸ ਨਾਲ ਜਬਰ-ਜ਼ਿਨਾਹ ਕਰਨ ਦੇ ਮੁਲਜ਼ਮ ਨੂੰ ਦੋਸ਼ੀ ਕਰਾਰ ਦਿੰਦਿਆਂ 26 ਸਾਲ ਜੇਲ੍ਹ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਮੁਲਜ਼ਮ 'ਤੇ 50,500 ਰੁਪਏ ਦਾ ਜੁਰਮਾਨਾ ਵੀ ਲਾਇਆ ਹੈ। ਸਰਕਾਰੀ ਵਕੀਲ ਨਵੀਨ ਕੁਮਾਰ ਦੁਬੇ ਨੇ ਦੱਸਿਆ ਕਿ ਛਿਬਰਾਮਊ ਕੋਤਵਾਲੀ ਥਾਣਾ ਖੇਤਰ ਦੇ ਲਲਕਾਪੁਰ ਵਾਸੀ 50 ਸਾਲਾ ਰਾਜੇਸ਼ ਜਾਟਵ ਉਰਫ਼ ਮਹਾਤਮਾ ਖਿਲਾਫ਼ ਪੀੜਤਾ ਦੇ ਚਾਚਾ ਨੇ FIR ਦਰਜ ਕਰਵਾਈ ਸੀ। 

FIR ਮੁਤਾਬਕ 3 ਸਾਲ ਦੀ ਬੱਚੀ 2 ਦਸੰਬਰ 2021 ਦੀ ਸ਼ਾਮ ਗੁਆਂਢੀਆਂ ਦੇ ਬੱਚਿਆਂ ਨਾਲ ਖੇਡ ਰਹੀ ਸੀ, ਤਾਂ ਜਾਟਵ ਨੇ ਉਸ ਨੂੰ ਅਗਵਾ ਕਰ ਲਿਆ ਅਤੇ ਨੇੜੇ ਬਣੇ ਇਕ ਮਕਾਨ ਦੇ ਕਮਰੇ ਵਿਚ ਉਸ ਨੂੰ ਬੰਧਕ ਬਣਾ ਕੇ ਉਸ ਨਾਲ ਜਬਰ-ਜ਼ਿਨਾਹ ਕੀਤੀ। ਬੱਚੀ ਦੀ ਹਾਲਤ ਖਰਾਬ ਹੋਣ 'ਤੇ ਮੁਲਜ਼ਮ ਜਾਟਵ ਉਸ ਨੂੰ ਛੱਡ ਕੇ ਫ਼ਰਾਰ ਹੋ ਗਿਆ। ਪੀੜਤਾ ਦੀ ਚੀਕ-ਪੁਕਾਰ ਸੁਣ ਕੇ ਬੱਚੀ ਦੇ ਪਰਿਵਾਰ ਵਾਲੇ ਘਟਨਾ ਵਾਲੀ ਥਾਂ 'ਤੇ ਪਹੁੰਚੇ ਅਤੇ ਉਨ੍ਹਾਂ ਨੇ ਉਸ ਨੂੰ ਹਸਪਤਾਲ ਦਾਖ਼ਲ ਕਰਵਾਇਆ। 

ਦੁਬੇ ਨੇ ਦੱਸਿਆ ਕਿ ਪੀੜਤਾ ਅਤੇ ਗਵਾਹਾਂ ਦੀ ਮੈਡੀਕਲ ਰਿਪੋਰਟ ਦੇ ਆਧਾਰ 'ਤੇ ਸਪੈਸ਼ਲ ਜੱਜ (ਪੋਕਸੋ ਲਾਅ) ਅਲਕਾ ਯਾਦਵ ਦੀ ਅਦਾਲਤ ਨੇ ਸ਼ੁੱਕਰਵਾਰ ਨੂੰ ਜਾਟਵ ਨੂੰ ਦੋਸ਼ੀ ਕਰਾਰ ਦਿੰਦੇ ਹੋਏ 26 ਸਾਲ ਦੀ ਕੈਦ ਅਤੇ 50,500 ਰੁਪਏ ਜੁਰਮਾਨਾ ਲਗਾਇਆ ਹੈ। ਜੁਰਮਾਨਾ ਅਦਾ ਨਾ ਕਰਨ 'ਤੇ ਦੋਸ਼ੀ ਨੂੰ ਦੋ ਸਾਲ ਦੀ ਵਾਧੂ ਸਜ਼ਾ ਭੁਗਤਣੀ ਪਵੇਗੀ।

Tanu

This news is Content Editor Tanu