ਜਦੋਂ ਤੱਕ ਟਰੂਡੋ ਭਾਰਤ ’ਤੇ ਲਗਾਏ ਆਪਣੇ ਦੋਸ਼ ਵਾਪਸ ਨਹੀਂ ਲੈਂਦੇ, ਮੋਦੀ ਮੰਨਣ ਵਾਲੇ ਨਹੀਂ

10/06/2023 1:04:31 PM

ਨਵੀਂ ਦਿੱਲੀ- ਅਜਿਹਾ ਲੱਗਦਾ ਹੈ ਕਿ ਪਾਕਿਸਤਾਨ ਲਈ ਦਰਵਾਜ਼ੇ ਬੰਦ ਕਰਨ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਧੂੜ ਚੱਟਣ ਲਈ ਚੁਣਿਆ ਹੈ। ਜਦੋਂ ਟਰੂਡੋ ਨੇ ਆਪਣੇ ਦੋਸ਼ਾਂ ਨੂੰ ਜਨਤਕ ਕਰਦਿਆਂ ਕਿਹਾ ਕਿ ਹਰਦੀਪ ਸਿੰਘ ਨਿੱਝਰ ਦੇ ਕਤਲ ਵਿਚ ਭਾਰਤ ਸਰਕਾਰ ਦੇ ਏਜੰਟ ਸ਼ਾਮਲ ਸਨ ਤਾਂ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਵਾਸ਼ਿੰਗਟਨ ਵਿਚ ਕਿਹਾ ਸੀ ਕਿ ਟਰੂਡੋ ਨੇ ਜੋ ਦੋਸ਼ ਲਗਾਏ ਹਨ, ਭਾਰਤ ਦੀ ਅਜਿਹੀ ਨੀਤੀ ਨਹੀਂ ਹੈ ਅਤੇ ਦੋਸ਼ਾਂ ਨੂੰ ਬੇਤੁੱਕਾ ਅਤੇ ਪ੍ਰੇਰਿਤ ਦੱਸਿਆ। ਉਨ੍ਹਾਂ ਨੇ ਟਰੂਡੋ ’ਤੇ ਨਿਸ਼ਾਨਾ ਲਾਉਂਦੇ ਹੋਏ ਕਿਹਾ ਕਿ ਉਨ੍ਹਾਂ ਨੇ ਭਾਰਤ ਖਿਲਾਫ ਆਪਣੇ ਦੋਸ਼ਾਂ ਦੇ ਸਮਰਥਨ ਵਿਚ ਕੋਈ ਵੀ ਸਬੂਤ ਪੇਸ਼ ਨਹੀਂ ਕੀਤਾ ਹੈ।

ਦੂਜੇ ਪਾਸੇ, ਵਾਸ਼ਿੰਗਟਨ ਨੇ ਕਿਹਾ ਕਿ ਇਹ ਆਈ-5 ਦੇਸ਼ਾਂ (ਅਮਰੀਕਾ, ਬ੍ਰਿਟੇਨ, ਕੈਨੇਡਾ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ) ਦੇ ਗੱਠਜੋੜ ਦਰਮਿਆਨ ਸਾਂਝੀ ਖੁਫੀਆ ਜਾਣਕਾਰੀ ਸੀ ਅਤੇ ਭਾਰਤ ਨੂੰ ਇਸ ਵਿਚ ਸਹਿਯੋਗ ਕਰਨਾ ਚਾਹੀਦਾ ਹੈ ਪਰ ਪੀ. ਐੱਮ. ਮੋਦੀ ਇਸਨੂੰ ਸਹਿਣ ਕਰਨ ਦੇ ਮੂਡ ਵਿਚ ਨਹੀਂ ਹਨ। ਭਾਰਤ ਸਰਕਾਰ ਨੇ ਭਾਰਤ ਵਿਚ ਮੌਜੂਦ 41 ਕੈਨੇਡਾਈ ਡਿਪਲੋਮੈਟਾਂ ਨੂੰ ਦੇਸ਼ ਛੱਡਣ ਦਾ ਰਸਤਾ ਦਿਖਾ ਦਿੱਤਾ।

ਭਾਰਤ ਨੇ ਕੈਨੇਡਾ ਅਤੇ ਵਾਸ਼ਿੰਗਟਨ ਨੂੰ ਜ਼ੋਰਦਾਰ ਢੰਗ ਨਾਲ ਦੱਸਿਆ ਕਿ ਕੈਨੇਡਾ ਦਾ ਅੱਤਵਾਦੀਆਂ ਅਤੇ ਕੱਟੜਪੰਥੀਆਂ ਪ੍ਰਤੀ ਰਵੱਈਆ ਉਦਾਰ ਹੈ। ਹੁਣ ਕੈਨੇਡਾ ਭਾਰਤ ਨਾਲ ਨਿੱਜੀ ਗੱਲਬਾਤ ਦੀ ਪੇਸ਼ਕਸ਼ ਕਰ ਰਿਹਾ ਹੈ ਪਰ ਭਾਰਤ ਨੇ ਇਸ ਪ੍ਰਸਤਾਵ ਦਾ ਕੋਈ ਜਵਾਬ ਨਹੀਂ ਦਿੱਤਾ ਹੈ।

ਸਵਾਲ ਇਹ ਹੈ ਕਿ ਕੈਨੇਡਾ ਭਾਰਤ ਦੇ ਖਿਲਾਫ ਸਬੂਤ ਜਨਤਕ ਕਿਉਂ ਨਹੀਂ ਕਰ ਰਿਹਾ ਹੈ? ਕਾਰਨ, ਕੈਨੇਡਾ ਕਿਸੇ ਵੀ ਜਾਣਕਾਰੀ ਨੂੰ ਜਨਤਕ ਨਹੀਂ ਕਰ ਸਕਦਾ ਕਿਉਂਕਿ ਵਿਆਨਾ ਸੰਮੇਲਨ ਦੇ ਤਹਿਤ ਕਿਸੇ ਵੀ ਦੇਸ਼ ਵਲੋਂ ਡਿਪਲੋਮੈਟਾਂ ਦੀ ਜਾਸੂਸੀ ਨਹੀਂ ਕੀਤੀ ਜਾ ਸਕਦੀ ਹੈ ਅਤੇ ਉਨ੍ਹਾਂ ਨੂੰ ਅਜਿਹੀ ਕਿਸੇ ਵੀ ਕਾਰਵਾਈ ਤੋਂ ਛੋਟ ਵੀ ਦਿੱਤੀ ਗਈ ਹੈ।

ਜੇਕਰ ਕੈਨੇਡਾ ਅਧਿਕਾਰਤ ਤੌਰ ’ਤੇ ਭਾਰਤ ਨਾਲ ਖੁਫੀਆ ਜਾਣਕਾਰੀ ਸਾਂਝੀ ਕਰਦਾ ਹੈ, ਤਾਂ ਇਹ ਸਾਬਤ ਕਰੇਗਾ ਕਿ ਕੈਨੇਡਾ ਜਾਂ ਅਮਰੀਕਾ ਨੇ ਕੈਨੇਡਾ ਵਿਚ ਕੰਮ ਕਰ ਰਹੇ ਡਿਪਲੋਮੈਟਾਂ ਦੀ ਗੈਰ-ਕਾਨੂੰਨੀ ਤੌਰ ’ਤੇ ਜਾਸੂਸੀ ਕੀਤੀ ਸੀ। ਅਜਿਹੇ ਖੁਲਾਸਿਆਂ ਦੇ ਨਿੱਝਰ ਕਤਲੇਆਮ ਤੋਂ ਵੀ ਅੱਗੇ ਦੂਰਗਾਮੀ ਸਿੱਟੇ ਨਿਕਲਣਗੇ।

ਮੋਦੀ ਚਾਹੁੰਦੇ ਹਨ ਕੈਨੇਡੀਅਨ ਪੀ. ਐੱਮ ਆਪਣਾ ਇਹ ਇਲਜ਼ਾਮ ਵਾਪਸ ਲੈਣ ਕਿ ਨਿੱਝਰ ਦੇ ਕਤਲ ਵਿਚ ਭਾਰਤ ਸਰਕਾਰ ਦੇ ਏਜੰਟ ਸ਼ਾਮਲ ਸਨ। ਪੀ. ਐੱਮ. ਮੋਦੀ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਨੂੰ ਕਿਹਾ ਕਿ ਉਹ ਸਰਗਰਮ ਭਾਰਤ ਵਿਰੋਧੀ ਅੱਤਵਾਦੀਆਂ ਦੀ ਸੂਚੀ ’ਤੇ ਕਾਰਵਾਈ ਕਰਨ ਜੋ ਉਨ੍ਹਾਂ ਨੇ 2018 ਵਿਚ ਉਨ੍ਹਾਂ ਨੂੰ ਸੌਂਪੀਆਂ ਸਨ ਪਰ ਟਰੂਡੋ ਨੇ ਕੁਝ ਨਹੀਂ ਕੀਤਾ ਅਤੇ ਮੋਦੀ ਨੇ ਉਨ੍ਹਾਂ ਨੂੰ ਆਪਣੀ ਦੀ ਦਵਾਈ ਦਾ ਸਵਾਦ ਚਖਾਉਣ ਦਾ ਫੈਸਲਾ ਕੀਤਾ।

Rakesh

This news is Content Editor Rakesh