ਓਨਾਵ ਰੇਪ ਪੀੜਤਾ ਦੇ ਚਾਚੇ ਨੂੰ ਮਿਲੀ 18 ਘੰਟੇ ਦੀ ਪੈਰੋਲ

07/30/2019 2:02:30 PM

ਲਖਨਊ— ਓਨਾਵ ਰੇਪ ਕੇਸ 'ਚ ਪੀੜਤਾ ਦੇ ਚਾਚੇ ਨੂੰ 18 ਘੰਟੇ ਦੀ ਪੈਰੋਲ ਮਿਲੀ ਹੈ। ਇਲਾਹਾਬਾਦ ਹਾਈ ਕੋਰਟ ਦੀ ਲਖਨਊ ਬੈਂਚ ਨੇ ਪਰਿਵਾਰ ਵਾਲਿਆਂ ਦੀ ਪਟੀਸ਼ਨ 'ਤੇ ਪਤਨੀ ਦਾ ਅੰਤਿਮ ਸੰਸਕਾਰ ਕਰਨ ਲਈ ਚਾਚਾ ਨੂੰ 18 ਘੰਟੇ ਦੀ ਪੈਰੋਲ ਦਿੱਤੀ ਹੈ। ਪੈਰੋਲ ਦੀ ਮਿਆਦ ਬੁੱਧਵਾਰ ਸਵੇਰ ਤੋਂ ਸ਼ੁਰੂ ਹੋ ਕੇ ਰਾਤ 12 ਵਜੇ ਤੱਕ ਹੋਵੇਗੀ। ਜ਼ਿਕਰਯੋਗ ਹੈ ਕਿ 28 ਜੁਲਾਈ ਨੂੰ ਰਾਏਬਰੇਲੀ 'ਚ ਹੋਏ ਹਾਦਸੇ 'ਚ ਪੀੜਤਾ ਦੀ ਚਾਚੀ ਅਤੇ ਮਾਸੀ ਦੀ ਮੌਤ ਹੋ ਗਈ ਸੀ। ਇਸ ਤੋਂ ਬਾਅਦ ਪੀੜਤਾ ਦੇ ਪਰਿਵਾਰ ਵਾਲੇ ਮੰਗ ਕਰ ਰਹੇ ਸਨ ਕਿ ਰਿਸ਼ਤੇਦਾਰਾਂ ਦੇ ਅੰਤਿਮ ਸੰਸਕਾਰ ਲਈ ਉਸ ਦੇ ਚਾਚਾ ਨੂੰ ਜ਼ਮਾਨਤ ਦਿੱਤੀ ਜਾਵੇ। ਇਸ ਮੰਗ ਨੂੰ ਲੈ ਕੇ ਪੀੜਤਾ ਦੇ ਪਰਿਵਾਰ ਵਾਲੇ ਮੰਗਲਵਾਰ ਸਵੇਰ ਕੇ.ਜੀ.ਐੱਮ.ਯੂ. ਦੇ ਸਾਹਮਣੇ ਧਰਨੇ 'ਤੇ ਬੈਠ ਗਏ ਸਨ। ਪੈਰੋਲ ਦੌਰਾਨ ਪੀੜਤਾ ਦੇ ਚਾਚਾ ਪੁਲਸ ਸੁਰੱਖਿਆ 'ਚ ਰਹਿਣਗੇ। ਰਿਪੋਰਟ ਅਨੁਸਾਰ ਤਕਨੀਕੀ ਭਾਸ਼ਾ 'ਚ ਇਸ ਨੂੰ ਪੈਰੋਲ ਨਹੀਂ ਕਿਹਾ ਜਾਵੇਗਾ। ਇਹ ਇਕ ਤਰ੍ਹਾਂ ਦੀ ਛੋਟੀ ਮਿਆਦ ਦੀ ਜ਼ਮਾਨਤ ਹੈ, ਜੋ ਉਨ੍ਹਾਂ ਨੂੰ ਪਤਨੀ ਦੇ ਅੰਤਿਮ ਸੰਸਕਾਰ 'ਚ ਸ਼ਾਮਲ ਹੋਣ ਲਈ ਦਿੱਤੀ ਗਈ ਹੈ।

ਇਸ ਦਰਮਿਆਨ ਯੋਗੀ ਆਦਿੱਤਿਯਨਾਥ ਸਰਕਾਰ ਨੇ ਰਾਏਬਰੇਲੀ ਸੜਕ ਹਾਦਸੇ ਦੀ ਸੀ.ਬੀ.ਆਈ. ਜਾਂਚ ਦੀ ਸਿਫਾਰਿਸ਼ ਕਰ ਦਿੱਤੀ ਹੈ। ਇਸ ਹਾਦਸੇ 'ਚ ਪੀੜਤਾ ਅਤੇ ਉਸ ਦਾ ਵਕੀਲ ਗੰਭੀਰ ਰੂਪ ਨਾਲ ਜ਼ਖਮੀ ਹੈ ਅਤੇ ਪੀੜਤਾ ਦੇ 2 ਰਿਸ਼ਤੇਦਾਰਾਂ ਦੀ ਮੌਤ ਹੋ ਗਈ ਹੈ। ਹਾਦਸੇ 'ਚ ਇਕ ਵੱਡਾ ਖੁਲਾਸਾ ਹੋਇਆ ਹੈ ਕਿ ਪੀੜਤਾ ਦੀ ਕਾਰ ਦੀ ਟੱਕਰ ਜਿਸ ਟਰੱਕ ਨਾਲ ਹੋਈ ਸੀ, ਉਹ ਟਰੱਕ ਸਮਾਜਵਾਦੀ ਪਾਰਟੀ ਦੇ ਇਕ ਨੇਤਾ ਦਾ ਹੈ।

DIsha

This news is Content Editor DIsha