ਉਨਾਵ ਰੇਪ : ਪੀੜਤਾ ਦੇ ਪਿਤਾ ਬੋਲੇ- ਹੈਦਰਾਬਾਦ ਵਾਂਗ ਮਿਲੇ ਮੇਰੀ ਧੀ ਨੂੰ ਇਨਸਾਫ

12/07/2019 10:39:45 AM

ਉਨਾਵ— ਉੱਤਰ ਪ੍ਰਦੇਸ਼ ਦੇ ਉਨਾਵ 'ਚ ਰੇਪ ਤੋਂ ਬਾਅਦ ਸਾੜੀ ਗਈ ਪੀੜਤਾ ਨੇ ਸ਼ੁੱਕਰਵਾਰ ਰਾਤ ਨੂੰ ਦਿੱਲੀ ਦੇ ਸਫਦਰਗੰਜ ਹਸਪਤਾਲ 'ਚ ਦਮ ਤੋੜ ਦਿੱਤਾ ਹੈ। ਪੀੜਤਾ ਦੇ ਪਿਤਾ ਨੇ ਰੋਂਦੇ ਹੋਏ ਕਿਹਾ ਕਿ ਹੈਦਰਾਬਾਦ ਪੁਲਸ ਨੇ ਐਨਕਾਊਂਟਰ 'ਚ ਰੇਪ ਦੇ ਦੋਸ਼ੀਆਂ ਨੂੰ ਦੌੜਾ ਕੇ ਗੋਲੀ ਮਾਰੀ ਸੀ, ਉਸ ਤਰ੍ਹਾਂ ਹੀ ਮੇਰੀ ਧੀ ਦੇ ਦਰਿੰਦਿਆਂ ਨੂੰ ਵੀ ਸਜ਼ਾ ਮਿਲਣੀ ਚਾਹੀਦੀ ਹੈ ਜਾਂ ਉਨ੍ਹਾਂ ਨੂੰ ਫਾਂਸੀ ਦਿੱਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਦੋਸ਼ੀਆਂ ਨੂੰ ਸਜ਼ਾ ਮਿਲਣ ਤੋਂ ਬਾਅਦ ਮੇਰੀ ਧੀ ਦੀ ਆਤਮਾ ਨੂੰ ਸ਼ਾਂਤੀ ਮਿਲੇਗੀ।

ਇੱਥੇ ਦੱਸ ਦੇਈਏ ਕਿ ਜ਼ਿਲੇ ਦੇ ਬਾਹਰੀ ਖੇਤਰ 'ਚ ਵੀਰਵਾਰ ਤੜਕੇ ਬਲਾਤਕਾਰ ਪੀੜਤਾ ਨੂੰ ਜਿਊਂਦਾ ਸਾੜ ਦਿੱਤਾ ਗਿਆ ਸੀ। ਕਰੀਬ 90 ਫੀਸਦੀ ਸੜੀ ਹਾਲਤ ਵਿਚ ਪੀੜਤਾ ਨੂੰ ਲਖਨਊ ਤੋਂ ਏਅਰ ਐਂਬੂਲੈਂਸ ਜ਼ਰੀਏ ਦਿੱਲੀ ਦੇ ਸਫਦਰਜੰਗ ਹਸਪਤਾਲ 'ਚ ਦਾਖਲ ਕਰਾਇਆ ਗਿਆ ਸੀ, ਜਿੱਥੇ ਉਸ ਨੇ ਸ਼ੁੱਕਰਵਾਰ ਦੇਰ ਰਾਤ ਦਮ ਤੋੜ ਦਿੱਤਾ। ਧੀ ਦੀ ਮੌਤ ਤੋਂ ਦੁਖੀ ਪਿਤਾ ਨੇ ਕਿਹਾ ਕਿ ਮੇਰੇ ਪਰਿਵਾਰ ਨੂੰ ਰੁਪਏ-ਪੈਸੇ ਨਹੀਂ ਚਾਹੀਦੇ। ਮੇਰੀ ਧੀ ਨੂੰ ਇਨਸਾਫ ਚਾਹੀਦਾ ਹੈ। ਮੌਤ ਦਾ ਬਦਲਾ ਸਿਰਫ ਮੌਤ ਹੁੰਦਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਨੂੰ ਦੋਸ਼ੀ ਜਾਨ ਦੀ ਧਮਕੀ ਸ਼ਰੇਆਮ ਦਿੰਦੇ ਸਨ। ਮੁਕੱਦਮਾ ਵਾਪਸ ਨਾ ਲੈਣ ਜਾਂ ਮੂੰਹ ਖੋਲ੍ਹਣ 'ਤੇ ਜਾਣ ਤੋਂ ਮਾਰਨ ਅਤੇ ਅੱਗ ਦੇ ਹਵਾਲੇ ਕਰਨ ਦੀ ਧਮਕੀ ਉਨ੍ਹਾਂ ਦੀ ਪੁੱਤਰੀ ਅਤੇ ਪਰਿਵਾਰ ਵਾਲਿਆਂ ਨੂੰ ਕਈ ਵਾਰ ਮਿਲੀ। ਪੁਲਸ ਨੂੰ ਇਸ ਦੀ ਜਾਣਕਾਰੀ ਦਿੱਤੀ ਪਰ ਉਹ ਹਰ ਵਾਰ ਉਨ੍ਹਾਂ ਨੂੰ ਟਕਰਾ ਦਿੰਦੇ ਸਨ।

ਕੀ ਹੈ ਪੂਰਾ ਮਾਮਲਾ—
ਦੱਸਣਯੋਗ ਹੈ ਕਿ ਵੀਰਵਾਰ ਸਵੇਰ ਨੂੰ 5 ਲੋਕਾਂ ਨੇ ਰੇਪ ਪੀੜਤਾ ਨੂੰ ਜ਼ਿੰਦਾ ਸਾੜਨ ਦੀ ਕੋਸ਼ਿਸ਼ ਕੀਤੀ। ਚਸ਼ਮਦੀਦਾਂ ਮੁਤਾਬਕ ਸਾੜਨ ਦੇ ਬਾਵਜੂਦ ਪੀੜਤਾ ਨੇ ਹਿੰਮਤ ਦਿਖਾਈ ਅਤੇ ਕਰੀਬ 1 ਕਿਲੋਮੀਟਰ ਦੂਰ ਤਕ ਚੱਲ ਕੇ ਗਈ। ਉਸ ਨੇ ਖੁਦ ਹੀ ਪੁਲਸ ਨੂੰ ਮਦਦ ਲਈ ਗੁਹਾਰ ਲਾਈ। 90 ਫੀਸਦੀ ਸੜੀ ਹਾਲਤ ਵਿਚ ਪੀੜਤਾ ਨੂੰ ਉਨਾਵ ਤੋਂ ਲਖਨਊ ਰੈਫਰ ਕਰ ਦਿੱਤਾ ਗਿਆ, ਜਿੱਥੋਂ ਉਸ ਨੂੰ ਬਿਹਤਰ ਇਲਾਜ ਲਈ ਵੀਰਵਾਰ ਦੇਰ ਰਾਤ ਦਿੱਲੀ ਦੇ ਸਫਦਰਜੰਗ ਹਸਪਤਾਲ ਲਿਆਂਦਾ ਗਿਆ, ਜਿੱਥੇ ਉਸ ਦੀ ਹਾਲਤ ਗੰਭੀਰ ਸੀ। ਉਸ ਨੂੰ ਵੈਂਟੀਲੇਟਰ 'ਤੇ ਰੱਖਿਆ ਗਿਆ ਸੀ। ਡਾਕਟਰਾਂ ਨੇ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਅਜਿਹੀ ਸਥਿਤੀ ਵਿਚ ਬਚਣ ਦੀ ਉਮੀਦ ਘੱਟ ਹੈ। ਸ਼ੁੱਕਰਵਾਰ ਰਾਤ 11.40 ਵਜੇ ਉਸ ਨੇ ਦਮ ਤੋੜ ਦਿੱਤਾ।

Tanu

This news is Content Editor Tanu