ਫਤਿਹਪੁਰ ''ਚ ਦੋਹਰਾਇਆ ਗਿਆ ''ਓਨਾਵ ਕਾਂਡ'', ਰੇਪ ਤੋਂ ਬਾਅਦ ਪੀੜਤਾ ਨੂੰ ਜ਼ਿੰਦਾ ਸਾੜਿਆ

12/14/2019 5:58:44 PM

ਬਾਂਦਾ— ਉੱਤਰ ਪ੍ਰਦੇਸ਼ ਦੇ ਫਤਿਹਪੁਰ ਜ਼ਿਲੇ 'ਚ ਹੁਸੇਨਗੰਜ ਥਾਣੇ ਖੇਤਰ ਦੇ ਇਕ ਪਿੰਡ 'ਚ ਸ਼ਨੀਵਾਰ ਨੂੰ 'ਓਨਾਵ ਕਾਂਡ' ਦੋਹਰਾਇਆ ਗਿਆ। ਇੱਥੇ ਦੁਪਹਿਰ ਨੂੰ 18 ਸਾਲ ਦੀ ਕੁੜੀ ਨਾਲ ਉਸ ਦੇ ਰਿਸ਼ਤੇ ਦੇ ਚਾਚਾ ਨੇ ਘਰ 'ਚ ਦਾਖਲ ਹੋ ਕੇ ਪਹਿਲਾਂ ਰੇਪ ਕੀਤਾ, ਫਿਰ ਮਿੱਟੀ ਦਾ ਤੇਲ ਸੁੱਟ ਕੇ ਉਸ ਨੂੰ ਅੱਗ ਦੇ ਹਵਾਲੇ ਕਰ ਦਿੱਤਾ। 90 ਫੀਸਦੀ ਸੜ ਚੁਕੀ ਕੁੜੀ ਨੂੰ ਕਾਨਪੁਰ ਦੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਫਤਿਹਪੁਰ ਦੇ ਨਗਰ ਪੁਲਸ ਡਿਪਟੀ ਸੁਪਰਡੈਂਟ (ਸੀ.ਓ.) ਕਪਿਲ ਦੇਵ ਮਿਸ਼ਰਾ ਨੇ ਦੱਸਿਆ ਕਿ ਹੁਸੇਨਗੰਜ ਥਾਣਾ ਖੇਤਰ ਦੇ ਇਕ ਪਿੰਡ 'ਚ ਸ਼ਨੀਵਾਰ ਦੁਪਹਿਰ 18 ਸਾਲ ਦੀ ਕੁੜੀ ਆਪਣੇ ਘਰ 'ਚ ਇਕੱਲੀ ਸੀ। ਪਰਿਵਾਰ ਦੇ ਹੋਰ ਮੈਂਬਰ ਖੇਤਾਂ 'ਚ ਕੰਮ ਕਰ ਰਹੇ ਸਨ। ਉਸੇ ਸਮੇਂ ਉਸ ਦੇ ਰਿਸਤੇ ਦੇ 22 ਸਾਲਾ ਚਾਚਾ ਨੇ ਘਰ 'ਚ ਦਾਖਲ ਹੋ ਕੇ ਕੁੜੀ ਨਾਲ ਰੇਪ ਕੀਤਾ ਅਤੇ ਕੁੜੀ ਦੇ ਸ਼ਿਕਾਇਤ ਕਰਨ ਦੀ ਗੱਲ 'ਤੇ ਨਾਰਾਜ਼ ਹੋ ਕੇ ਉਸ ਦੇ ਉੱਪਰ ਮਿੱਟੀ ਦਾ ਤੇਲ ਸੁੱਟ ਕੇ ਅੱਗ ਲੱਗਾ ਦਿੱਤੀ।

90 ਫੀਸਦੀ ਤੱਕ ਸੜ ਚੁਕੀ ਹੈ ਪੀੜਤਾ
ਮਿਸ਼ਰਾ ਨੇ ਦੱਸਿਆ ਕਿ ਅੱਗ ਦੀਆਂ ਲਪਟਾਂ 'ਚ ਘਿਰੀ ਕੁੜੀ ਦੀ ਚੀਕ ਸੁਣ ਕੇ ਪਿੰਡ ਵਾਲਿਆਂ ਨੇ ਕਿਸੇ ਤਰ੍ਹਾਂ ਅੱਗ ਬੁਝਾਉਣ ਅਤੇ ਪੁਲਸ ਨੂੰ ਸੂਚਨਾ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਕੁੜੀ 90 ਫੀਸਦੀ ਸੜ ਚੁਕੀ ਹੈ। ਪਹਿਲਾਂ ਉਸ ਨੂੰ ਸਥਾਨਕ ਸਿਹਤ ਕੇਂਦਰ ਲਿਜਾਇਆ ਗਿਆ। ਉੱਥੋਂ ਮੁੱਢਲੇ ਇਲਾਜ ਤੋਂ ਬਾਅਦ ਕਾਨਪੁਰ ਦੇ ਇਕ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਸੀ.ਓ. ਨੇ ਦੱਸਿਆ ਕਿ ਕੁੜੀ ਦੇ ਪਿਤਾ ਦੀ ਸ਼ਿਕਾਇਤ 'ਤੇ ਦੋਸ਼ੀ ਨੌਜਵਾਨ ਵਿਰੁੱਧ ਰੇਪ ਅਤੇ ਕਤਲ ਦੀ ਕੋਸ਼ਿਸ਼ ਦਾ ਮੁਕੱਦਮਾ ਦਰਜ ਕਰ ਲਿਆ ਗਿਆ ਹੈ ਤੇ ਉਸ ਦੀ ਗ੍ਰਿਫਤਾਰੀ ਲਈ ਪੁਲਸ ਦੀਆਂ ਟੀਮਾਂ ਦਬਿਸ਼ ਦੇ ਰਹੀਆਂ ਹਨ। 

ਪੀੜਤਾ ਤੇ ਦੋਸ਼ੀ ਦਰਮਿਆਨ ਪ੍ਰੇਮ ਪ੍ਰਸੰਗ ਹੋਣ ਦੀ ਜਾਣਕਾਰੀ ਮਿਲੀ
ਮਿਸ਼ਰਾ ਨੇ ਹੁਣ ਤੱਕ ਦੀ ਜਾਂਚ ਦਾ ਹਵਾਲਾ ਦੇ ਕੇ ਦੱਸਿਆ ਕਿ ਪੀੜਤਾ ਅਤੇ ਦੋਸ਼ੀ ਨੌਜਵਾਨ ਦਰਮਿਆਨ ਪ੍ਰੇਮ ਪ੍ਰਸੰਗ ਹੋਣ ਦੀ ਜਾਣਕਾਰੀ ਮਿਲੀ ਹੈ। ਦੋਹਾਂ ਪੱਖਾਂ ਦਰਮਿਆਨ ਸ਼ੁੱਕਰਵਾਰ ਨੂੰ ਪੰਚਾਇਤ ਹੋਣ ਦੀ ਗੱਲ ਵੀ ਸਾਹਮਣੇ ਆਈ ਹੈ, ਜਿਸ 'ਚ ਦੋਹਾਂ ਪੱਖਾਂ ਦਰਮਿਆਨ ਵਿਆਹ ਲਈ ਸਹਿਮਤੀ ਬਣੀ। ਉਨ੍ਹਾਂ ਨੇ ਕਿਹਾ ਕਿ ਇੰਨਾ ਸਭ ਹੋਣ ਤੋਂ ਬਾਅਦ ਰੇਪ ਕਰ ਕੇ ਪੀੜਤਾ ਨੂੰ ਸਾੜਨ ਜਾਣ ਦੀ ਘਟਨਾ ਸਮਝ ਤੋਂ ਬਾਹਰ ਹੈ। ਦੱਸਣਯੋਗ ਹੈ ਕਿ ਓਨਾਵ ਜ਼ਿਲੇ ਦੇ ਬਿਹਾਰ ਥਾਣਾ ਖੇਤਰ 'ਚ ਇਸੇ ਤਰ੍ਹਾਂ 5 ਦਸੰਬਰ ਨੂੰ ਇਕ ਰੇਪ ਪੀੜਤਾ ਨੂੰ 5 ਦੋਸ਼ੀਆਂ ਨੇ ਅੱਗ ਦੇ ਹਵਾਲੇ ਕਰ ਦਿੱਤਾ ਸੀ, ਜਿਸ ਦੀ ਇਲਾਜ ਦੌਰਾਨ ਦਿੱਲੀ ਦੇ ਸਫ਼ਦਰਗੰਜ ਹਸਪਤਾਲ 'ਚ ਮੌਤ ਹੋ ਗਈ ਸੀ।


DIsha

Content Editor

Related News