ਯੂ. ਜੀ. ਸੀ. ਦਾ ਫਰਮਾਨ, 29  ਨੂੰ ਯੂਨੀਵਰਸਿਟੀਆਂ ਮਨਾਉਣ ‘ਸਰਜੀਕਲ ਸਟ੍ਰਾਈਕ’ ਦਿਵਸ

09/22/2018 8:39:02 AM

ਨਵੀਂ ਦਿੱਲੀ – ਯੂਨੀਵਰਸਿਟੀ ਗ੍ਰਾਂਟ ਕਮਿਸ਼ਨ (ਯੂ. ਜੀ. ਸੀ.) ਨੇ ਦੇਸ਼ ਭਰ ਦੀਆਂ ਯੂਨੀਵਰਸਿਟੀਜ਼  ਅਤੇ  ਹਾਇਰ   ਐਜੂਕੇਸ਼ਨਲ  ਇੰਸਟੀਚਿਊਟਸ  ਨੂੰ 29 ਸਤੰਬਰ ਨੂੰ ‘ਸਰਜੀਕਲ  ਸਟ੍ਰਾਈਕ’ ਦਿਵਸ ਦੇ ਤੌਰ ’ਤੇ ਮਨਾਉਣ ਦਾ ਹੁਕਮ ਦਿੱਤਾ ਹੈ। ਯੂ. ਜੀ. ਸੀ. ਨੇ ਸਰਜੀਕਲ ਸਟ੍ਰਾਈਕ ਡੇਅ ਮਨਾਉਣ  ਲਈ ਹਥਿਆਰਬੰਦ ਬਲਾਂ ਦੇ ਬਲੀਦਾਨ ਬਾਰੇ ਸਾਬਕਾ ਫੌਜੀਆਂ ਨਾਲ  ਸੰਵਾਦ  ਸੈਸ਼ਨ,  ਵਿਸ਼ੇਸ਼  ਪਰੇਡ, ਪ੍ਰਦਰਸ਼ਨਾਂ  ਦਾ  ਆਯੋਜਨ  ਅਤੇ  ਹਥਿਆਰਬੰਦ  ਬਲਾਂ  ਨੂੰ   ਆਪਣੀ  ਹਮਾਇਤ  ਦੇਣ  ਲਈ  ਉਨ੍ਹਾਂ  ਨੂੰ  ਗ੍ਰੀਟਿੰਗ  ਕਾਰਡਸ  ਭੇਜਣ  ਸਮੇਤ  ਹੋਰ  ਸਰਗਰਮੀਆਂ  ਆਯੋਜਿਤ  ਕਰਨ  ਦਾ  ਸੁਝਾਅ  ਵੀ  ਦਿੱਤਾ  ਹੈ।

 
 ਕਮਿਸ਼ਨ  ਨੇ  ਸਾਰੇ  ਕੁਲਪਤੀਆਂ  ਨੂੰ ਵੀਰਵਾਰ ਨੂੰ ਭੇਜੇ ਇਕ ਪੱਤਰ ਵਿਚ ਕਿਹਾ ਹੈ ਕਿ ਸਾਰੀਆਂ ਯੂਨੀਵਰਸਿਟੀਆਂ ਦੀਆਂ ਐੱਨ. ਸੀ. ਸੀ. ਦੀਆਂ ਇਕਾਈਆਂ ਨੂੰ 29 ਸਤੰਬਰ ਨੂੰ ਵਿਸ਼ੇਸ਼ ਪਰੇਡ ਦਾ ਆਯੋਜਨ ਕਰਨਾ ਚਾਹੀਦਾ ਹੈ, ਜਿਸ ਤੋਂ ਬਾਅਦ ਐੱਨ. ਸੀ. ਸੀ. ਦੇ ਕਮਾਂਡਰ ਸਰਹੱਦ ਦੀ ਰੱਖਿਆ ਦੇ ਤੌਰ ਤਰੀਕਿਆਂ ਬਾਰੇ ਉਨ੍ਹਾਂ ਨੂੰ ਸੰਬੋਧਨ ਕਰਨ। ਯੂ. ਜੀ. ਸੀ. ਨੇ ਕਿਹਾ ਕਿ ਯੂਨੀਵਰਸਿਟੀਆਂ ਹਥਿਆਰਬੰਦ ਬਲਾਂ ਦੇ ਬਲੀਦਾਨ ਬਾਰੇ ਵਿਦਿਆਰਥੀਆਂ ਨੂੰ ਸੰਵੇਦਨਸ਼ੀਲ ਕਰਨ ਲਈ ਸਾਬਕਾ ਫੌਜੀਆਂ ਨੂੰ ਸ਼ਾਮਲ ਕਰ ਕੇ ਸੰਵਾਦ ਸੈਸ਼ਨ ਦਾ ਆਯੋਜਨ ਕਰ ਸਕਦੀਆਂ  ਹਨ। 
ਕਾਂਗਰਸ ਦੇ ਸੀਨੀਅਰ ਨੇਤਾ ਕਪਿਲ ਸਿੱਬਲ ਨੇ ਟਵੀਟ ਕਰ ਕੇ ਯੂ. ਜੀ. ਸੀ. ਦੇ ਇਸ ਫੈਸਲੇ ਦੀ ਆਲੋਚਨਾ ਕੀਤੀ ਹੈ। ਉਨ੍ਹਾਂ ਲਿਖਿਆ ਹੈ ਕਿ ਯੂਨੀਵਰਸਿਟੀਆਂ ਲੋਕਾਂ ਨੂੰ ਸਿੱਖਿਅਤ ਕਰਨ ਲਈ  ਬਣੀਆਂ ਹਨ ਜਾਂ ਭਾਜਪਾ ਦੇ ਸਿਆਸੀ ਹਿੱਤ ਸਾਧਣ ਲਈ।