UK ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦਾ ਭਾਰਤ ਦੌਰਾ ਰੱਦ, ਗਣਤੰਤਰ ਦਿਵਸ ਦੇ ਸਨ ਮੁੱਖ ਮਹਿਮਾਨ

01/05/2021 6:12:50 PM

ਨਵੀਂ ਦਿੱਲੀ— ਬਿ੍ਰਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਆਪਣਾ ਭਾਰਤ ਦੌਰਾ ਰੱਦ ਕਰ ਦਿੱਤਾ ਹੈ। ਪ੍ਰਧਾਨ ਮੰਤਰੀ ਬੋਰਿਸ ਜਾਨਸਨ ਗਣਤੰਤਰ ਦਿਵਸ ਮੌਕੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣ ਵਾਲੇ ਸਨ। ਬ੍ਰਿਟੇਨ ਵਿਚ ਨਵੇਂ ਕੋਰੋਨਾ ਸਟ੍ਰੇਨ ਦੀ ਵਜ੍ਹਾ ਨਾਲ ਵੱਧ ਰਹੇ ਮਾਮਲਿਆਂ ਕਾਰਨ ਲਾਏ ਗਈ ਤਾਜ਼ਾ ਤਾਲਾਬੰਦੀ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਭਾਰਤ ਯਾਤਰਾ ਰੱਦ ਕਰ ਦਿੱਤੀ ਹੈ। ਜਾਨਸਨ ਨੂੰ 26 ਜਨਵਰੀ ਨੂੰ ਗਣਤੰਤਰ ਦਿਵਸ ਸਮਾਰੋਹ ਵਿਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣ ਲਈ ਸੱਦਾ ਦਿੱਤਾ ਗਿਆ ਸੀ। ਡਾਊਨਿੰਗ ਸਟ੍ਰੀਟ ਦੇ ਇਕ ਬੁਲਾਰੇ ਨੇ ਕਿਹਾ, ''ਪ੍ਰਧਾਨ ਮੰਤਰੀ ਜਾਨਸਨ ਨੇ ਅੱਜ ਸਵੇਰੇ ਪ੍ਰਧਾਨ ਮੰਤਰੀ ਮੋਦੀ ਨਾਲ ਇਸ ਗੱਲ ਦਾ ਅਫ਼ਸੋਸ ਜ਼ਾਹਰ ਕਰਦੇ ਕਿਹਾ ਕਿ ਉਹ ਯੋਜਨਾ ਅਨੁਸਾਰ ਇਸ ਮਹੀਨੇ ਦੇ ਅੰਤ ਵਿਚ ਭਾਰਤ ਨਹੀਂ ਆ ਸਕਣਗੇ।" ਜਾਨਸਨ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਕਿਹਾ ਕਿ ਬੀਤੀ ਰਾਤ ਲਾਈ ਗਈ ਕੌਮੀ ਤਾਲਾਬੰਦੀ ਅਤੇ ਤੇਜ਼ੀ ਨਾਲ ਫੈਲ ਰਹੇ ਨਵੇਂ ਸਟ੍ਰੇਨ ਦੇ ਮੱਦੇਨਜ਼ਰ ਉਨ੍ਹਾਂ ਦਾ ਯੂ. ਕੇ. ਵਿਚ ਮੌਜੂਦ ਰਹਿਣਾ ਮਹੱਤਵਪੂਰਨ ਹੈ ਤਾਂ ਜੋ ਹਾਲਾਤ 'ਤੇ ਨਜ਼ਰ ਰੱਖੀ ਜਾ ਸਕੇ।

ਦੱਸ ਦੇਈਏ ਕਿ ਬਿ੍ਰਟੇਨ ’ਚ ਇਸ ਸਮੇਂ ਕੋਰੋਨਾ ਦਾ ਨਵਾਂ ਰੂਪ ਸਟ੍ਰੇਨ ਫੈਲਿਆ ਹੋਇਆ ਹੈ, ਜਿਸ ਕਾਰਨ ਇੱਥੇ ਤਾਲਾਬੰਦੀ ਲੱਗੀ ਹੋਈ ਹੈ। ਤਾਲਾਬੰਦੀ ਦਾ ਐਲਾਨ ਕਰਦੇ ਹੋਏ ਬੋਰਿਸ ਨੇ ਕਿਹਾ ਕਿ ਕੋਰੋਨਾ ਕਾਰਨ ਫਰਵਰੀ ਦੇ ਮੱਧ ਤੱਕ ਤਾਲਾਬੰਦੀ ਲਾਗੂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਇਸ ਸਮੇਂ ਮੁਸ਼ਕਲ ਦੌਰ ਵਿਚ ਹੈ। ਦੇਸ਼ ’ਚ ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਫ਼ਿਲਹਾਲ ਲੋਕਾਂ ਨੂੰ ਤਾਲਾਬੰਦੀ ਦੌਰਾਨ ਘਰਾਂ ’ਚ ਹੀ ਰਹਿਣਾ ਹੋਵੇਗਾ, ਉਹ ਸਿਰਫ਼ ਜ਼ਰੂਰੀ ਕੰਮ ਲਈ ਹੀ ਘਰਾਂ ਤੋਂ ਬਾਹਰ ਨਿਕਲ ਸਕਦੇ ਹਨ।  

Tanu

This news is Content Editor Tanu