ਕੋਰੋਨਾ ਮਰੀਜ਼ਾਂ ਲਈ 'ਕੋਵਿਡ ਹਸਪਤਾਲ', ਹੈਲਪ ਸੈਂਟਲ ਵੀ ਬਣੇਗਾ : ਸਿਹਤ ਮੰਤਰਾਲਾ

04/07/2020 4:41:44 PM

ਨਵੀਂ ਦਿੱਲੀ— ਦੇਸ਼ 'ਚ ਕੋਰੋਨਾਵਾਇਰਸ ਨੂੰ ਲੈ ਕੇ ਸਿਹਤ ਮੰਤਰਾਲਾ ਨੇ ਪ੍ਰੈੱਸ ਕਾਨਫਰੰਸ ਕੀਤੀ। ਸਿਹਤ ਮੰਤਰਾਲਾ ਦੇ ਸੰਯੁਕਤ ਸਕੱਤਰ ਲਵ ਅਗਰਵਾਲ ਨੇ ਕਿਹਾ ਕਿ ਦੇਸ਼ 'ਚ ਕੋਰੋਨਾ ਮਰੀਜ਼ਾਂ ਲਈ ਕੋਵਿਡ ਕੇਅਰ ਸੈਂਟਰ, ਹਸਪਤਾਲ ਬਣੇਗਾ। ਉਨ੍ਹਾਂ ਕਿਹਾ ਕਿ ਕੋਰੋਨਾ ਮਰੀਜ਼ਾਂ ਲਈ ਕੋਵਿਡ ਹੈਲਪ ਸੈਂਟਰ ਵੀ ਬਣੇਗਾ। ਹਸਪਤਾਲ 'ਚ ਆਕਸਜੀਨ ਦੇ ਨਾਲ ਬੈੱਡ ਦੀ ਵਿਵਸਥਾ ਵੀ ਹੋਵੇਗੀ। ਉਨ੍ਹਾਂ ਦੱਸਿਆ ਕਿ ਕੋਰੋਨਾ ਨਾਲ ਨਜਿੱਠਣ ਲਈ ਸਿਸਟਮ ਨੂੰ 3 ਹਿੱਸਿਆਂ 'ਚ ਵੰਡਿਆ ਗਿਆ ਹੈ। 

ਲਵ ਅਗਰਵਾਲ ਮੁਤਾਬਕ ਵੈੱਬਸਾਈਟ 'ਤੇ ਡਾਕੂਮੈਂਟਰੀ ਅਪਲੋਡ ਕੀਤਾ ਗਿਆ ਹੈ, ਜਿਸ 'ਚ ਕੁਝ ਜ਼ਰੂਰੀ ਨਿਰਦੇਸ਼ ਦਿੱਤੇ ਗਏ ਹਨ। ਪਹਿਲੇ ਪੱਧਰ 'ਤੇ ਕੇਅਰ ਸੈਂਟਰ ਹੈ, ਜਿੱਥੇ ਆਮ ਮਰੀਜ਼ਾਂ ਨੂੰ ਰੱਖਿਆ ਜਾਵੇਗਾ। ਇਸ ਤੋਂ ਬਾਅਦ ਹੈਲਥ ਸੈਂਟਰ ਹਨ, ਜਿੱਥੇ ਆਕਸੀਜਨ ਦੀ ਜ਼ਰੂਰਤ ਵਾਲੇ ਮਰੀਜ਼ਾਂ ਨੂੰ ਰੱਖਿਆ ਜਾਵੇਗਾ। ਤੀਜੇ ਪੱਧਰ 'ਤੇ ਕੋਵਿਡ ਹਸਪਤਾਲ ਹੈ, ਜਿੱਥੇ ਗੰਭੀਰ ਮਰੀਜ਼ਾਂ ਦਾ ਇਲਾਜ ਹੋਵੇਗਾ। ਸਿਹਤ ਮੰਤਰਾਲੇ ਦੇ ਅਧਿਕਾਰੀ ਨੇ ਦੱਸਿਆ ਕਿ ਕੋਰੋਨਾ ਵਾਇਰਸ ਨੂੰ ਦੇਖਦਿਆਂ ਦਿੱਲੀ, ਮੁੰਬਈ, ਭੀਲਵਾੜਾ, ਆਗਰਾ ਵਿਚ ਛੋਟੇ-ਛੋਟੇ ਖੇਤਰਾਂ ਨੂੰ ਨਿਸ਼ਾਨਬੱਧ ਕਰ ਕੇ ਉਨ੍ਹਾਂ ਨੂੰ ਸੀਲ ਕਰਨ ਦੀ ਰਣਨੀਤੀ ਬਣਾਈ ਗਈ ਹੈ। ਕੁਆਰੰਟੀਨ ਕੀਤੇ ਗਏ ਲੋਕਾਂ ਦੀ ਕੰਟਰੋਲ ਰੂਮ ਤੋਂ ਨਿਗਰਾਨੀ ਕੀਤੀ ਜਾ ਰਹੀ ਹੈ। 

ਉਨ੍ਹਾਂ ਦੱਸਿਆ ਕਿ ਭਾਰਤੀ ਰੇਲਵੇ ਨੇ 2500 ਕੋਚਾਂ ਨੂੰ 40 ਹਜ਼ਾਰ ਆਈਸੋਲੇਸ਼ਨ ਬੈੱਡ 'ਚ ਤਬਦੀਲ ਕੀਤਾ ਹੈ। ਉਹ ਰੋਜ਼ਾਨਾ 375 ਆਈਸੋਲੇਸ਼ਨ ਬੈੱਡ ਬਣਾ ਰਹੇ ਹਨ ਅਤੇ ਇਹ ਕੰਮ ਦੇਸ਼ ਭਰ 'ਚ 133 ਥਾਵਾਂ 'ਤੇ ਚੱਲ ਰਿਹਾ ਹੈ। ਸਰਕਾਰ ਦੀ ਅਪੀਲ ਲਾਕਡਾਊਨ ਦਾ ਪਾਲਣ ਕੀਤਾ ਜਾਵੇ। ਲਾਕਡਾਊਨ ਨਾ ਮੰਨਣ 'ਤੇ ਗੰਭੀਰ ਨਤੀਜੇ ਭੁਗਤਣੇ ਪੈ ਸਕਦੇ ਹਨ, ਇਸ ਲਈ ਲਾਕਡਾਊਨ ਦਾ ਪਾਲਣ ਕਰਨ 'ਚ ਸਰਕਾਰ ਦਾ ਸਹਿਯੋਗ ਕੀਤਾ ਜਾਵੇ। ਆਈ. ਸੀ. ਐੱਮ. ਆਰ. ਨੇ ਆਪਣੇ ਅਧਿਐਨ 'ਚ ਸਪੱਸ਼ਟ ਕੀਤਾ ਹੈ ਕਿ ਕੋਵਿਡ-19 ਦਾ ਇਕ ਮਰੀਜ਼ ਜੇਕਰ ਲਾਕਡਾਊਨ ਅਤੇ ਸਮਾਜਿਕ ਦੂਰੀ ਦਾ ਪਾਲਣ ਨਹੀਂ ਕਰ ਰਿਹਾ ਹੈ ਤਾਂ ਉਹ 30 ਦਿਨਾਂ 'ਚ 406 ਲੋਕਾਂ ਨੂੰ ਪੀੜਤ ਕਰ ਸਕਦਾ ਹੈ।

ਲਵ ਅਗਰਵਾਲ ਨੇ ਕਿਹਾ ਕਿ ਭਾਰਤ 'ਚ ਪਿਛਲੇ 24 ਘੰਟਿਆਂ 'ਚ ਕੋਰੋਨਾ ਦੇ 354 ਨਵੇਂ ਮਰੀਜ਼ ਸਾਹਮਣੇ ਆਏ ਹਨ ਅਤੇ 8 ਲੋਕਾਂ ਦੀ ਮੌਤ ਹੋਈ ਹੈ। ਕੁੱਲ 4421 ਕੇਸ ਹਨ ਅਤੇ 117 ਲੋਕਾਂ ਦੀ ਮੌਤ ਹੋ ਗਈ ਹੈ। ਉਨ੍ਹਾਂ ਕਿਹਾ ਕਿ 326 ਲੋਕ ਇਸ ਵਾਇਰਸ ਤੋਂ ਠੀਕ ਹੋ ਚੁੱਕੇ ਹਨ। ਲਾਕਡਾਊਨ ਬਾਰੇ ਉਨ੍ਹਾਂ ਕਿਹਾ ਕਿ ਇਸ ਨੂੰ ਵਧਾਉਣ 'ਤੇ ਸਹੀ ਸਮੇਂ 'ਤੇ ਫੈਸਲਾ ਹੋਵੇਗਾ। 

Tanu

This news is Content Editor Tanu