ਕੇਂਦਰੀ ਮੰਤਰੀ ਨੇ ਲੋਕ ਸਭਾ ''ਚ ਕੀਤਾ ਖੁਲਾਸਾ, ਪੱਛਮੀ ਬੰਗਾਲ ਦੇ ਮੰਤਰੀ ਫ਼ੋਨ ਨਹੀਂ ਉਠਾਉਂਦੇ

08/02/2022 1:21:07 PM

ਨਵੀਂ ਦਿੱਲੀ (ਭਾਸ਼ਾ)- ਕੇਂਦਰੀ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਰਾਜ ਮੰਤਰੀ ਪ੍ਰਤਿਮਾ ਭੌਮਿਕ ਨੇ ਮੰਗਲਵਾਰ ਨੂੰ ਲੋਕ ਸਭਾ ਵਿਚ ਕਿਹਾ ਕਿ ਪੱਛਮੀ ਬੰਗਾਲ ਸਰਕਾਰ ਦੇ ਮੰਤਰੀ ਉਨ੍ਹਾਂ ਦਾ ਫੋਨ ਨਹੀਂ ਚੁੱਕਦੇ, ਜਿਸ ਕਾਰਨ ਉਨ੍ਹਾਂ ਦੇ ਵਿਭਾਗ ਨਾਲ ਸਬੰਧਤ ਯੋਜਨਾਵਾਂ ਦਾ ਲਾਭ ਲੋਕਾਂ ਨੂੰ ਨਹੀਂ ਮਿਲ ਪਾਉਂਦਾ ਹੈ। ਉਨ੍ਹਾਂ ਨੇ ਸਦਨ 'ਚ ਪ੍ਰਸ਼ਨਕਾਲ ਦੌਰਾਨ ਭਾਜਪਾ ਦੇ ਸੰਸਦ ਮੈਂਬਰ ਐੱਸ.ਐੱਸ. ਆਹਲੂਵਾਲੀਆ ਦੇ ਪ੍ਰਸ਼ਨ ਦਾ ਉੱਤਰ ਦਿੰਦੇ ਹੋਏ ਇਹ ਟਿੱਪਣੀ ਕੀਤੀ। ਆਹਲੂਵਾਲੀਆ ਨੇ ਪੱਛਮੀ ਬੰਗਾਲ ਦੇ ਬਰਧਮਾਨ 'ਚ 'ਪੀਐੱਮ ਦਕਸ਼' ਯੋਜਨਾ ਦੇ ਲਾਭਪਾਤਰੀਆਂ ਦੀ ਗਿਣਤੀ ਬਹੁਤ ਘੱਟ ਹੋਣ ਦਾ ਜ਼ਿਕਰ ਕਰਦੇ ਹੋਏ ਇਸ ਦਾ ਕਾਰਨ ਪੁੱਛਿਆ। ਇਸ 'ਤੇ ਪ੍ਰਤਿਮਾ ਭੌਮਿਕ ਨੇ ਕਿਹਾ,''ਪੱਛਮੀ ਬੰਗਾਲ ਦੇ ਮੰਤਰੀ 10-10 ਵਾਰ ਫ਼ੋਨ ਕਰਨ ਤੋਂ ਬਾਅਦ ਵੀ ਫ਼ੋਨ ਨਹੀਂ ਉਠਾਉਂਦੇ।''

ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਤੋਂ ਸਹਿਯੋਗ ਨਾ ਮਿਲਣ ਕਾਰਨ ਯੋਜਨਾਵਾਂ ਲਾਗੂ ਕਰਨ 'ਚ ਪਰੇਸ਼ਾਨੀ ਆਉਂਦੀ ਹੈ ਅਤੇ ਲੋਕਾਂ ਨੂੰ ਲਾਭ ਨਹੀਂ ਮਿਲ ਪਾਉਂਦਾ ਹੈ। ਇਸ ਦੌਰਾਨ ਭਾਜਪਾ ਅਤੇ ਤ੍ਰਿਣਮੂਲ ਕਾਂਗਰਸ ਦੇ ਮੈਂਬਰਾਂ ਦਰਮਿਆਨ ਤਿੱਖੀ ਬਹਿਸ ਵੀ ਹੋਈ। ਲੋਕ ਸਭਾ 'ਚ ਕਾਂਗਰਸ ਦੇ ਨੇਤਾ ਅਧੀਰ ਰੰਜਨ ਚੌਧਰੀ ਨੇ ਪ੍ਰਸ਼ਨ ਪੁੱਛਣ ਦੌਰਾਨ ਮੰਤਰੀ ਪ੍ਰਤਿਮਾ ਭੌਮਿਕ ਦੀ ਗੱਲ ਦਾ ਸਮਰਥਨ ਕਰਦੇ ਹੋਏ ਕਿਹਾ,''ਫ਼ੋਨ ਨਹੀਂ ਚੁੱਕਣਾ... ਇਹ ਆਦਤ ਬਣ ਗਈ ਹੈ।'' ਯੂਥ ਮਾਮਲਿਆਂ ਦੇ ਰਾਜ ਮੰਤਰੀ ਨਿਸ਼ਿਥ ਪ੍ਰਮਾਣਿਕ ਨੇ ਵੀ ਇਕ ਪ੍ਰਸ਼ਨ ਦੇ ਉੱਤਰ 'ਚ ਕਿਹਾ ਕਿ ਰਾਸ਼ਟਰੀ ਯੂਥ ਨੀਤੀ ਦੇ ਅਮਲ ਦੇ ਸੰਦਰਭ 'ਚ ਪੱਛਮੀ ਬੰਗਾਲ ਸਰਕਾਰ ਤੋਂ ਸਹਿਯੋਗ ਨਹੀਂ ਮਿਲ ਰਿਹਾ ਹੈ।

DIsha

This news is Content Editor DIsha