3 ਸਾਲ ਦੇ ਉੱਚ ਪੱਧਰ ''ਤੇ ਪਹੁੰਚੀ ਬੇਰੋਜ਼ਗਾਰੀ ਦਰ, ਕੁਝ ਸੂਬਿਆਂ ਦੀ ਹਾਲਤ ਬਹੁਤ ਖਰਾਬ

11/01/2019 5:48:38 PM

ਨਵੀਂ ਦਿੱਲੀ — ਭਾਰਤ ਦੀ ਬੇਰੋਜ਼ਗਾਰੀ ਦੀ ਦਰ ਅਕਤੂਬਰ ਮਹੀਨੇ 'ਚ ਤਿੰਨ ਸਾਲ ਦੇ ਉੱਚ ਪੱਧਰ 'ਤੇ ਪਹੁੰਚ ਗਈ ਹੈ। ਸੈਂਟਰ ਫਾਰ ਮਾਨੀਟਰਿੰਗ ਇੰਡੀਅਨ ਇਕਾਨਮੀ(CMIE) ਵਲੋਂ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਪਿਛਲੇ ਮਹੀਨੇ ਬੇਰੋਜ਼ਗਾਰੀ ਦੀ ਦਰ 8.5 ਫੀਸਦੀ ਰਹੀ, ਜਿਹੜੀ ਕਿ ਅਗਸਤ 2016 ਦੇ ਬਾਅਦ ਦਾ ਸਭ ਤੋਂ ਉੱਚਾ ਪੱਧਰ ਹੈ। ਇਹ ਇਸ ਸਾਲ ਸਤੰਬਰ 'ਚ ਜਾਰੀ ਕੀਤੇ ਗਏ ਅੰਕੜਿਆਂ ਤੋਂ ਕਾਫੀ ਜ਼ਿਆਦਾ ਹੈ।

ਤ੍ਰਿਪੁਰਾ 'ਚ ਬੇਰੋਜ਼ਗਾਰੀ ਦੀ ਦਰ ਸਭ ਤੋਂ ਵਧ

ਸੈਂਟਰ ਫਾਰ ਸਸਟੇਨਏਬਲ ਇੰਪਲਾਇਮੈਂਟ ਵਲੋਂ ਜਾਰੀ ਇਕ ਸਰਵੇਖਣ ਪੱਤਰ 'ਚ ਦਾਅਵਾ ਕੀਤਾ ਗਿਆ ਹੈ ਕਿ ਪਿਛਲੇ 6 ਸਾਲਾਂ 'ਚ ਲੋਕਾਂ ਨੂੰ ਰੋਜ਼ਗਾਰ ਮਿਲਣ ਦੀ ਸੰਖਿਆ 'ਚ ਕਾਫੀ ਗਿਰਾਵਟ ਆਈ ਹੈ। 2011-12 ਤੋਂ ਲੈ ਕੇ 2017-18 ਵਿਚਕਾਰ 90 ਲੱਖ ਲੋਕਾਂ ਨੂੰ ਆਪਣੀ ਨੌਕਰੀ ਗਵਾਉਣੀ ਪਈ। ਭਾਰਤ ਦੇ ਇਤਿਹਾਸ 'ਚ ਪਹਿਲੀ ਵਾਰ ਅਜਿਹਾ ਹੋ ਰਿਹਾ ਹੈ। ਦੇਸ਼ ਦੇ ਤਿੰਨ ਸੂਬਿਆਂ ਦੀ ਸਥਿਤੀ ਸਭ ਤੋਂ ਜ਼ਿਆਦਾ ਖਤਰਨਾਕ ਬਣੀ ਹੋਈ ਹੈ। ਅੰਕੜਿਆਂ  ਮੁਤਾਬਕ ਤ੍ਰਿਪੁਰਾ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ 'ਚ ਲੋਕਾਂ ਨੂੰ ਨੌਕਰੀਆਂ ਦੀ ਭਾਲ ਕਰਨ 'ਤੇ ਵੀ ਨਹੀਂ ਮਿਲ ਰਹੀਆਂ। ਤ੍ਰਿਪੁਰਾ 'ਚ ਬੇਰੋਜ਼ਗਾਰੀ ਦਰ 23.3 ਫੀਸਦੀ ਰਿਕਾਰਡ ਕੀਤੀ ਗਈ ਹੈ।

60 ਲੱਖ ਲੋਕ ਹੋਏ ਬੇਰੋਜ਼ਗਾਰ

ਰਿਪੋਰਟ ਮੁਤਾਬਕ ਜਿਥੇ ਪਿਛਲੇ ਸਾਲ 40.6 ਕਰੋੜ ਲੋਕ ਨੌਕਰੀ ਕਰ ਰਹੇ ਸਨ ਉਥੇ ਇਸ ਸਾਲ ਫਰਵਰੀ 'ਚ ਇਹ ਅੰਕੜਾ ਸਿਰਫ 40 ਕਰੋੜ ਰਹਿ ਗਿਆ। ਇਸ ਹਿਸਾਬ ਨਾਲ 2018-19 ਵਿਚਕਾਰ ਕਰੀਬ 60 ਲੱਖ ਲੋਕ ਬੇਰੋਜ਼ਗਾਰ ਹੋ ਗਏ। ਇਸੇ ਸਾਲ ਮਈ 'ਚ ਜਾਰੀ ਰਿਪੋਰਟ 'ਚ ਕਿਹਾ ਗਿਆ ਸੀ ਕਿ ਸ਼ਹਿਰੀ ਖੇਤਰਾਂ 'ਚ ਬੇਰੋਜ਼ਗਾਰਾਂ ਦੀ ਸੰਖਿਆ 7.8 ਫੀਸਦੀ ਰਹੀ, ਇਸ ਦੇ ਨਾਲ ਹੀ ਪੇਂਡੂ ਇਲਾਕਿਆਂ 'ਚ ਇਹ 5.3 ਫੀਸਦੀ ਰਹੀ ਸੀ। ਨੋਟਬੰਦੀ ਦੇ ਕਾਰਨ ਨਵੀਂਆਂ ਨੌਕਰੀਆਂ ਦੀ ਸੰਖਿਆ 'ਚ ਵੱਡੀ ਗਿਰਾਵਟ ਆਈ ਸੀ ਜਿਹੜੀ ਕਿ ਅਜੇ ਤੱਕ ਕਾਬੂ ਨਹੀਂ ਕੀਤੀ ਜਾ ਸਕੀ।