UK ਚੋਣਾਂ : 127 ਸਾਲਾਂ 'ਚ ਪਹਿਲੀ ਵਾਰ 15 ਭਾਰਤੀ ਚੁਣੇ ਗਏ MP

12/14/2019 10:27:51 AM

ਲੰਡਨ, (ਏਜੰਸੀਆਂ)- ਬ੍ਰਿਟੇਨ ਦੀਆਂ ਆਮ ਚੋਣਾਂ 'ਚ ਭਾਰਤੀ ਮੂਲ ਦੇ ਲੋਕਾਂ ਦਾ ਪ੍ਰਦਰਸ਼ਨ ਉਮੀਦ ਤੋਂ ਬਿਹਤਰ ਰਿਹਾ ਹੈ। ਕੁਲ 15 ਭਾਰਤੀ ਸੰਸਦ ਮੈਂਬਰ ਚੁਣੇ ਗਏ ਹਨ। ਅਜਿਹਾ 127 ਸਾਲਾਂ 'ਚ ਪਹਿਲੀ ਵਾਰ ਹੋਇਆ ਹੈ ਕਿ ਬ੍ਰਿਟੇਨ 'ਚ 15 ਭਾਰਤੀ ਮੂਲ ਦੇ ਸੰਸਦ ਮੈਂਬਰ ਬਣਨਗੇ । 15 ਜੇਤੂ ਭਾਰਤੀਆਂ ਦੇ ਨਾਂ ਗਗਨ ਮੋਹਿੰਦਰਾ, ਕਲੇਅਰ ਕਾਟਨਿਹੋ, ਪ੍ਰੀਤੀ ਪਟੇਲ, ਆਲੋਕ ਸ਼ਰਮਾ, ਸ਼ੈਲੇਸ਼ ਵਾਰਾ, ਕਲੇਅਰ ਕੋਟਨਿਹੋ, ਸੁਏਲਾ ਬ੍ਰੇਵਰਮੈਨ, ਰਿਸ਼ੀ ਸੁਨਾਕ, ਨਵੇਂਦਰ ਮਿਸ਼ਰਾ, ਵਰਿੰਦਰ ਸ਼ਰਮਾ, ਤਨਮਨਜੀਤ ਸਿੰਘ ਢੇਸੀ, ਸੀਮਾ ਮਲਹੋਤਰਾ, ਪ੍ਰੀਤ ਕੌਰ ਗਿੱਲ, ਲੀਸਾ ਨੰਦੀ ਅਤੇ ਵੈਲੇਰੀ ਵਾਜ ਹਨ। ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦੀ ਕੰਜ਼ਰਵੇਟਿਵ ਪਾਰਟੀ 'ਚੋਂ, 7 ਜਦੋਂ ਕਿ ਉਨ੍ਹਾਂ ਦੀ ਮੁੱਖ ਵਿਰੋਧੀ ਲੇਬਰ ਪਾਰਟੀ ਨਾਲ ਵੀ ਇੰਨੇ ਹੀ ਭਾਰਤੀ ਮੂਲ ਦੇ ਸੰਸਦ ਮੈਂਬਰ ਚੁਣੇ ਗਏ ਹਨ। ਉਥੇ ਹੀ ਲਿਬਰਲ ਡੈਮੋਕ੍ਰੇਟਿਵ ਤੋਂ ਵੀ ਇਕ ਜੇਤੂ ਹੈ। ਸ਼ੁੱਕਰਵਾਰ ਨੂੰ ਐਲਾਨੇ ਚੋਣ ਨਤੀਜਿਆਂ 'ਚ ਹਾਊਸ ਆਫ ਕਾਮਰਸ ਦੀਆਂ ਕੁਲ 650 'ਚੋਂ ਕੰਜ਼ਰਵੇਟਿਵ ਪਾਰਟੀ ਨੂੰ 364 ਸੀਟਾਂ 'ਤੇ ਜਿੱਤ ਮਿਲ ਚੁੱਕੀ ਹੈ। ਇਹ ਬਹੁਮਤ ਦੇ ਅੰਕੜੇ ਤੋਂ ਜ਼ਿਆਦਾ ਹੈ।

ਕੰਜ਼ਰਵੇਟਿਵ ਪਾਰਟੀ ਤੋਂ ਭਾਰਤੀ ਮੂਲ ਦੇ ਸੰਸਦ ਮੈਂਬਰ

PunjabKesari

 

ਬ੍ਰਿਟੇਨ 'ਚ ਕਰੀਬ 15 ਲੱਖ ਭਾਰਤੀ ਮੂਲ ਦੇ ਲੋਕ ਹਨ। ਆਮ ਚੋਣਾਂ ਦੇ ਨਤੀਜੇ ਸਾਹਮਣੇ ਆਏ ਤਾਂ ਇਨ੍ਹਾਂ ਦੀ ਤਾਕਤ ਦਾ ਅਹਿਸਾਸ ਹੋਇਆ। ਹਾਊਸ ਆਫ ਕਾਮਨਸ 'ਚ ਹੁਣ ਕੁਲ 15 ਭਾਰਤੀ ਸੰਸਦ ਮੈਂਬਰ ਹੋਣਗੇ। ਲਗਾਤਾਰ ਦੂਜੀ ਵਾਰ ਸੱਤਾ ਸੰਭਾਲਣ ਜਾ ਰਹੇ ਜਾਨਸਨ ਦੀ ਕੰਜ਼ਰਵੇਟਿਵ ਪਾਰਟੀ ਦਾ ਪੱਲੜਾ ਭਾਰੀ ਮੰਨਿਆ ਜਾ ਰਿਹਾ ਹੈ। ਲੇਬਰ ਪਾਰਟੀ ਦਾ ਪ੍ਰਦਰਸ਼ਨ ਫਿੱਕਾ ਰਿਹਾ ਪਰ ਇਸ ਪਾਰਟੀ 'ਚੋਂ ਵੀ 7 ਭਾਰਤੀ ਸੰਸਦ ਪੁੱਜੇ ਹਨ। ਪਿਛਲੇ ਸਦਨ 'ਚ ਕੰਜ਼ਰਵੇਟਿਵ ਪਾਰਟੀ 'ਚੋਂ 5 ਭਾਰਤੀ ਮੂਲ ਦੇ ਸੰਸਦ ਮੈਂਬਰ ਸਨ। ਇਨ੍ਹਾਂ ਚੋਣਾਂ 'ਚ 3 ਭਾਰਤੀ ਅਜਿਹੇ ਵੀ ਹਨ ਜੋ ਪਹਿਲੀ ਵਾਰ ਚੁਣ ਕੇ ਆਏ ਹਨ।

ਭਾਰਤੀ ਮੂਲ ਦੇ ਦਾਦਾਭਾਈ ਨੌਰੋਜੀ ਪਹਿਲੀ ਵਾਰ ਸੰਸਦ ਮੈਂਬਰ ਬਣੇ

1892 'ਚ ਫਿਨਸਬਰੀ ਸੈਂਟਰਲ ਤੋਂ ਭਾਰਤੀ ਮੂਲ ਦੇ ਦਾਦਾਭਾਈ ਨੌਰੋਜੀ ਪਹਿਲੀ ਵਾਰ ਸੰਸਦ ਮੈਂਬਰ ਬਣੇ ਸਨ। ਪਿਛਲੀਆਂ ਚੋਣਾਂ 'ਚ ਇਹ ਅੰਕੜਾ 12 ਸੀ। ਕੰਜ਼ਰਵੇਟਿਵ ਪਾਰਟੀ 'ਚੋਂ 2 ਭਾਰਤੀ ਗਗਨ ਮੋਹਿੰਦਰ (ਹਾਰਟਫੋਰਸ਼ਾਇਰ ਸਾਊਥ ਵੈਸਟ) ਅਤੇ ਕਲੇਅਰ ਕੁਟਿਨਹੋ (ਸਰੇ ਈਸਟ) ਪਹਿਲੀ ਵਾਰ ਸੰਸਦ ਮੈਂਬਰ ਬਣੇ। ਇਸ ਪਾਰਟੀ ਨਾਲ 5 ਸੰਸਦ ਮੈਂਬਰ ਪ੍ਰੀਤੀ ਪਟੇਲ (ਵਿਟਹੈਮ), ਆਲੋਕ ਸ਼ਰਮਾ (ਰੀਡਿੰਗ ਵੈਸਟ), ਸ਼ੈਲੇਸ਼ ਵਾਰਾ (ਕੈਂਬ੍ਰਿਜਸ਼ਾਇਰ ਨਾਰਥ), ਸੁਏਲਾ ਬ੍ਰੇਵਰਮੈਨ (ਫੇਅਰਹੈਮ) ਅਤੇ ਰਿਸ਼ੀ ਸੁਨਾਕ (ਰਿਚਮੰਡ ਯਾਰਕਸ਼ਾਇਰ) ਫਿਰ ਤੋਂ ਜਿੱਤੇ।

ਲੇਬਰ ਪਾਰਟੀ ਤੋਂ ਭਾਰਤੀ ਮੂਲ ਦੇ ਸੰਸਦ ਮੈਂਬਰ

 

PunjabKesari


2019 ਬ੍ਰਿਟੇਨ ਆਮ ਚੋਣਾਂ ਦਾ ਨਤੀਜਾ

 

ਪਾਰਟੀ ਅਤੇ ਨੇਤਾ ਸੀਟਾਂ ਸ਼ੇਅਰ ਗਿਣਤੀ
ਕੰਜ਼ਰਵੇਟਿਵ ਪਾਰਟੀ, ਬੋਰਿਸ ਜਾਨਸਨ 364 43.6 ਫੀਸਦੀ 1,39,41,200
ਲੇਬਰ ਪਾਰਟੀ, ਜੇਰੇਮੀ ਕਾਰਬਿਨ 203 32.2 ਫੀਸਦੀ 1,02,92,054
ਸਕਾਟਿਸ਼ ਨੈਸ਼ਨਲ ਪਾਰਟੀ, ਨਿਕੋਲਾ ਸਟਰਜਨ 48 3.9 ਫੀਸਦੀ 12,42,372
ਲਿਬਰਲ ਡੈਮੋਕ੍ਰੇਟਸ, ਜੋ ਸਵਿਸਨ 11 11.5 ਫੀਸਦੀ 36,75,342

Related News