UGC ਨੇ ਲਾਂਚ ਕੀਤੀ ਨਵੀਂ ਵੈੱਬਸਾਈਟ, ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਮਿਲੇਗੀ ਵਿਸਥਾਰਪੂਰਵਕ ਜਾਣਕਾਰੀ

05/16/2023 2:49:22 PM

ਨਵੀਂ ਦਿੱਲੀ- ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (UGC) ਨੇ ਮੰਗਲਵਾਰ ਨੂੰ ਨਵੇਂ ਸਿਰੇ ਤੋਂ ਡਿਜ਼ਾਈਨ ਆਪਣੀ ਵੈੱਬਸਾਈਟ ਲਾਂਚ ਕੀਤੀ, ਜਿਸ 'ਤੇ ਵਿਦਿਆਰਥੀਆਂ, ਅਧਿਆਪਕਾਂ, ਕਾਲਜਾਂ, ਯੂਨੀਵਰਸਿਟੀਆਂ ਆਦਿ ਨਾਲ ਜੁੜੀ ਵਿਸਥਾਰਪੂਰਵਕ ਜਾਣਕਾਰੀ ਆਸਾਨੀ ਨਾਲ ਵੇਖੀ ਜਾ ਸਕਦੀ ਹੈ। ਇਸ ਮੌਕੇ UGC ਦੇ ਚੇਅਰਮੈਨ ਪ੍ਰੋਫੈਸਰ ਐਮ. ਜਗਦੀਸ਼ ਕੁਮਾਰ ਨੇ ਦੱਸਿਆ ਕਿ UGC ਦੀ ਵੈੱਬਸਾਈਟ ਨੂੰ ਰਾਸ਼ਟਰੀ ਸਿੱਖਿਆ ਨੀਤੀ 2020 ਦੀ ਲੋੜ ਮੁਤਾਬਕ ਮੁੜ ਡਿਜ਼ਾਈਨ ਕੀਤਾ ਗਿਆ ਹੈ ਅਤੇ ਇਸ ਵਿਚ ਵਿਦਿਆਰਥੀਆਂ, ਕਾਲਜਾਂ, ਯੂਨੀਵਰਸਿਟੀਆਂ ਸਮੇਤ ਹੋਰ ਸੈਕਸ਼ਨਾਂ ਤਹਿਤ ਹਰ ਤਰ੍ਹਾਂ ਦੀ ਜਾਣਕਾਰੀ ਆਸਾਨੀ ਨਾਲ ਪ੍ਰਾਪਤ ਕੀਤੀ ਜਾ ਸਕੇਗੀ। 

ਜਗਦੀਸ਼ ਨੇ ਦੱਸਿਆ ਕਿ ਇਸ 'ਚ ਵਿਦਿਆਰਥੀ ਅਤੇ ਮਾਪੇ ਡਿਜੀਟਲ ਮਾਧਿਅਮ ਰਾਹੀਂ ਉੱਚ ਸਿੱਖਿਆ ਨਾਲ ਸਬੰਧਤ ਜਾਣਕਾਰੀ ਅਤੇ ਸਕੀਮਾਂ ਨੂੰ ਆਸਾਨੀ ਨਾਲ ਸਮਝ ਸਕਣਗੇ। ਕੁਮਾਰ ਨੇ ਕਿਹਾ ਕਿ ਨਵੀਂ ਵੈੱਬਸਾਈਟ ਨੂੰ ਯੂਨੀਵਰਸਿਟੀਆਂ, ਕਾਲਜਾਂ, ਪ੍ਰੋਫੈਸਰਾਂ ਅਤੇ ਵਿਦਿਆਰਥੀਆਂ ਦੀ ਸਹੂਲਤ ਲਈ ਤਿਆਰ ਕੀਤਾ ਗਿਆ ਹੈ ਤਾਂ ਜੋ ਉਹ ਸਾਰੇ ਆਪਣੀ ਜ਼ਰੂਰਤ ਦੇ ਆਧਾਰ 'ਤੇ ਜਾਣਕਾਰੀ ਪ੍ਰਾਪਤ ਕਰ ਸਕਣ। ਉਨ੍ਹਾਂ ਦੱਸਿਆ ਕਿ ਇਸ 'ਚ ਵੱਖ-ਵੱਖ ਕੋਰਸਾਂ, ਡਿਜੀਟਲ ਲਰਨਿੰਗ ਨਤੀਜਿਆਂ ਅਤੇ ਨਤੀਜਿਆਂ ਸਬੰਧੀ ਜਾਣਕਾਰੀ ਵੀ ਉਪਲੱਬਧ ਹੋਵੇਗੀ।

UGC ਚੇਅਰਮੈਨ ਨੇ ਦੱਸਿਆ ਕਿ ਇਸ ਤੋਂ ਇਲਾਵਾ ਮਿਆਰੀ ਉੱਚ ਸਿੱਖਿਆ, ਯੂਨੀਵਰਸਿਟੀਆਂ ਅਤੇ ਕਾਲਜਾਂ 'ਚ ਬਦਲਾਅ, ਹੁਨਰ ਵਿਕਾਸ, ਇੰਟਰਨਸ਼ਿਪ, ਸਟਾਰਟਅੱਪ, ਸਕਾਲਰਸ਼ਿਪ, ਰੈਗੂਲੇਸ਼ਨ, ਗਾਈਡਲਾਈਨਜ਼, ਪਲੇਸਮੈਂਟ, ਵਿਦੇਸ਼ੀ ਯੂਨੀਵਰਸਿਟੀਆਂ ਆਦਿ ਨਾਲ ਸਬੰਧਤ ਵੱਖ-ਵੱਖ ਜਾਣਕਾਰੀ ਵੀ ਉਪਲੱਬਧ ਹੋਵੇਗੀ। ਉਨ੍ਹਾਂ ਦੱਸਿਆ ਕਿ ਇਸ ਸਾਲ ਜੁਲਾਈ 'ਚ ਨਵੀਂ ਰਾਸ਼ਟਰੀ ਸਿੱਖਿਆ ਨੀਤੀ 2020 ਨੂੰ ਲਾਗੂ ਹੋਏ ਤਿੰਨ ਸਾਲ ਹੋ ਜਾਣਗੇ ਅਤੇ ਇਸ ਲਈ ਕਮਿਸ਼ਨ ਦੀ ਵੈੱਬਸਾਈਟ ਨੂੰ ਹੋਰ ਜਾਣਕਾਰੀ ਭਰਪੂਰ ਅਤੇ ਵਿਭਿੰਨਤਾ ਭਰਪੂਰ ਬਣਾਉਣ ਲਈ ਮੁੜ ਡਿਜ਼ਾਈਨ ਕੀਤਾ ਗਿਆ ਹੈ।

Tanu

This news is Content Editor Tanu