ਊਧਵ ਖਿਲਾਫ ਟਿੱਪਣੀ ਕਰਨੀ ਸ਼ਖਸ ਨੂੰ ਪਈ ਭਾਰੀ, ਸ਼ਿਵ ਸੈਨਿਕਾਂ ਨੇ ਜ਼ਬਰਨ ਕਰਵਾਇਆ ਮੁੰਡਨ

12/23/2019 4:58:23 PM

ਮੁੰਬਈ (ਭਾਸ਼ਾ)— ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਬਾਰੇ ਅਪਮਾਨਜਨਕ ਟਿੱਪਣੀ ਕਰਨ 'ਤੇ ਮੁੰਬਈ ਦੇ ਵਡਾਲਾ ਦੇ ਇਕ ਵਿਅਕਤੀ ਦੀ ਸ਼ਿਵ ਸੈਨਿਕਾਂ ਨੇ ਕੁੱਟਮਾਰ ਕੀਤੀ। ਜ਼ਿਕਰਯੋਗ ਹੈ ਕਿ ਊਧਵ ਠਾਕਰੇ ਨੇ ਜਾਮੀਆ ਮਿਲੀਆ ਇਸਲਾਮੀਆ 'ਚ ਪੁਲਸ ਕਾਰਵਾਈ ਦੀ ਤੁਲਨਾ 1919 ਦੇ ਜਲਿਆਂਵਾਲਾ ਬਾਗ ਨਾਲ ਕੀਤੀ ਸੀ। ਉਕਤ ਵਿਅਕਤੀ ਨੇ ਠਾਕਰੇ ਬਾਰੇ ਗਾਲੀ-ਗਲੌਚ ਵਾਲੀ ਭਾਸ਼ਾ ਦਾ ਇਸਤੇਮਾਲ ਕੀਤਾ ਸੀ। ਉਸ ਨੇ 19 ਦਸੰਬਰ ਨੂੰ ਫੇਸਬੁੱਕ 'ਤੇ ਪੋਸਟ ਅਪਲੋਡ ਕੀਤੀ ਸੀ, ਜਿਸ ਨੂੰ ਉਹ ਰਾਹੁਲ ਤਿਵਾੜੀ ਦੇ ਨਾਮ ਤੋਂ ਚਲਾਉਂਦਾ ਹੈ। ਉਕਤ ਵਿਅਕਤੀ ਦੀ ਪਛਾਣ ਹੀਰਾਮਣੀ ਤਿਵਾੜੀ ਦੇ ਰੂਪ ਵਿਚ ਕੀਤੀ ਗਈ।

 

ਅਧਿਕਾਰੀ ਮੁਤਾਬਕ ਤਿਵਾੜੀ ਨੇ ਕੁਝ ਲੋਕਾਂ ਤੋਂ ਧਮਕੀ ਮਿਲਣ ਤੋਂ ਬਾਅਦ ਪੋਸਟ ਨੂੰ ਹਟਾ ਦਿੱਤਾ ਸੀ। ਪਰ ਐਤਵਾਰ ਨੂੰ ਸ਼ਿਵ ਸੈਨਾ ਦੇ ਨੇਤਾ ਸਮਧਨ ਜੁਕਦੇਵ ਅਤੇ ਪ੍ਰਕਾਸ਼ ਹਸਬੇ ਦੀ ਅਗਵਾਈ ਵਿਚ ਕੁਝ ਲੋਕਾਂ ਨੇ ਸ਼ਾਂਤੀਨਗਰ 'ਚ ਉਸ ਦੇ ਘਰ ਦੇ ਬਾਹਰ ਉਸ ਨਾਲ ਕੁੱਟਮਾਰ ਕੀਤੀ ਅਤੇ ਉਸ ਦਾ ਜ਼ਬਰਨ ਮੁੰਡਨ ਕਰਵਾ ਦਿੱਤਾ। ਅਧਿਕਾਰੀ ਮੁਤਾਬਕ ਵਡਾਲਾ ਟੀ. ਟੀ. ਪੁਲਸ ਨੇ ਸੀ. ਆਰ. ਪੀ. ਸੀ. ਦੀ ਧਾਰਾ-149 ਤਹਿਤ ਦੋਹਾਂ ਪੱਖਾਂ ਨੂੰ ਨੋਟਿਸ ਜਾਰੀ ਕੀਤਾ ਹੈ। ਪੁਲਸ ਧਾਰਾ-149 ਦਾ ਇਸਤੇਮਾਲ ਕਿਸੇ ਵੀ ਗੰਭੀਰ ਅਪਰਾਧ ਨੂੰ ਰੋਕਣ ਲਈ ਕਰਦੀ ਹੈ। ਤਿਵਾੜੀ ਨੇ ਦਾਅਵਾ ਕੀਤਾ ਕਿ ਉਹ ਪਹਿਲਾਂ ਵਿਸ਼ਵ ਹਿੰਦੂ ਪ੍ਰੀਸ਼ਦ ਅਤੇ ਬਜਰੰਗ ਦਲ ਵਰਗੇ ਦੱਖਣ ਪੰਥੀ ਸੰਗਠਨਾਂ ਨਾਲ ਜੁੜ ਚੁੱਕਾ ਹੈ। ਉਸ ਨੂੰ ਕੁੱਟਣ ਵਾਲੇ ਲੋਕਾਂ ਨੂੰ ਕਾਨੂੰਨ ਆਪਣੇ ਹੱਥ 'ਚ ਲੈਣ ਦੀ ਬਜਾਏ ਉਸ ਦੇ ਪੋਸਟ 'ਤੇ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਸੀ। ਤਿਵਾੜੀ ਨੇ ਕਿਹਾ ਕਿ ਮੈਂ ਚਾਹੁੰਦਾ ਹਾਂ ਕਿ ਪੁਲਸ ਸ਼ਿਵ ਸੈਨਾ ਦੇ ਵਰਕਰਾਂ ਵਿਰੁੱਧ ਕਾਰਵਾਈ ਕਰੇ। ਮੈਂ ਬਸ ਆਪਣਾ ਵਿਚਾਰ ਪ੍ਰਗਟ ਕਰ ਰਿਹਾ ਸੀ। ਪੁਲਸ ਨੇ ਕਿਹਾ ਕਿ ਤਿਵਾੜੀ ਦਾ ਬਿਆਨ ਦਰਜ ਕੀਤਾ ਗਿਆ ਹੈ।

Tanu

This news is Content Editor Tanu